ਨਵੀਂ ਦਿੱਲੀ:ਪੰਜ ਵਾਰ ਦਾ ਵਿਸ਼ਵ ਚੈਂਪੀਅਨ ਵਿਸ਼ਵਨਾਥਨ ਆਨੰਦ ਅਤੇ ਚਾਰ ਹੋਰ ਚੈੱਸ ਗ੍ਰੈਂਡਮਾਸਟਰ ਕਰੋਨਾ ਰਾਹਤ ਕਾਰਜਾਂ ਲਈ ਫੰਡ ਇਕੱਠਾ ਕਰਨ ਦੇ ਮਕਸਦ ਨਾਲ ਵੀਰਵਾਰ ਨੂੰ ਹੋਰ ਖਿਡਾਰੀਆਂ ਨਾਲ ਆਨਲਾਈਨ ਸ਼ਤਰੰਜ ਖੇਡਣਗੇ। 2000 ਤੋਂ ਘੱਟ ਚੈੱਸ ਡਾਟ ਕਾਮ ਦੀ ਬਲਿਟਜ਼ ਰੇਟਿੰਗ ਜਾਂ ਐਫਆਈਡੀਈ ਰੇਟਿੰਗ ਵਾਲੇ ਖਿਡਾਰੀ 150 ਡਾਲਰ ਦੇ ਕੇ ਆਨੰਦ ਨਾਲ ਮੁਕਾਬਲਾ ਕਰ ਸਕਦੇ ਹਨ ਜਦਕਿ ਬਾਕੀ ਗ੍ਰੈਂਡਮਾਸਟਰਜ਼ ਨਾਲ ਖੇਡਣ ਲਈ ਉਨ੍ਹਾਂ ਨੂੰ 25 ਡਾਲਰ ਦੇਣੇ ਪੈਣਗੇ। ਚੈੱਸ ਡਾਟ ਕਾਮ ਨੇ ਕਿਹਾ ਕਿ ਜਿੰਨੀ ਰਾਸ਼ੀ ਇਨ੍ਹਾਂ ਮੈਚਾਂ ਰਾਹੀਂ ਇਕੱਠੀ ਹੋਵੇਗੀ, ਓਨੀ ਹੀ ਰਾਸ਼ੀ ਉਹ ਆਪਣੇ ਕੋਲੋਂ ਪਾ ਕੇ ਰੈੱਡ ਕਰਾਸ ਇੰਡੀਆ ਅਤੇ ਭਾਰਤੀ ਚੈੱਸ ਫੈਡਰੇਸ਼ਨ ਦੇ ‘ਚੈੱਕਮੇਟ ਕੋਵਿਡ’ ਦੀ ਮੁਹਿੰਮ ਲਈ ਦਾਨ ਕਰਨਗੇ। ਇਸ ਦੌਰਾਨ ਆਨੰਦ ਤੋਂ ਇਲਾਵਾ ਜੀਐੱਮ ਕੋਨੇਰੂ ਹੰਪੀ, ਡੀ. ਹਰਿਕਾ, ਨਿਹਾਲ ਸਰੀਨ ਅਤੇ ਪੀ. ਰਮੇਸ਼ ਬਾਬੂ ਹਿੱਸਾ ਲੈਣਗੇ।