ਮੁੰਬਈ:ਫ਼ਿਲਮ ‘ਆਦਿਪੁਰਸ਼’ ਦਾ ਡਾਇਰੈਕਟਰ ਓਮ ਰਾਊਤ ਤਿਰੂਪਤੀ ਬਾਲਾਜੀ ਮੰਦਰ ਦੀ ਯਾਤਰਾ ਦੌਰਾਨ ਅਦਾਕਾਰਾ ਕ੍ਰਿਤੀ ਸੈਨਨ ਨੂੰ ਚੁੰਮਣ ਕਰ ਕੇ ਵਿਵਾਦਾਂ ਵਿੱਚ ਘਿਰ ਗਿਆ ਹੈ ਅਤੇ ਸੋਸ਼ਲ ਮੀਡੀਆ ਯੂਜ਼ਰਜ਼ ਇਸ ਹਰਕਤ ਲਈ ਉਸ ਦੀ ਆਲੋਚਨਾ ਕਰ ਰਹੇ ਹਨ। ਫ਼ਿਲਮ ਆਦਿਪੁੁਰਸ਼ 16 ਜੂਨ ਨੂੰ ਰਿਲੀਜ਼ ਹੋਣੀ ਹੈ। ਹਾਲ ’ਚ ਇੰਟਰਨੈੱਟ ’ਤੇ ਵਾਇਰਲ ਇੱਕ ਵੀਡੀਓ ਵਿੱਚ ਡਾਇਰੈਕਟਰ ਓਮ ਰਾਊਤ ਤਿਰੂਪਤੀ ਦੇ ਵੈਂਕਟੇਸ਼ਵਰ ਮੰਦਰ ਵਿੱਚ ਅਦਾਕਾਰਾ ਕ੍ਰਿਤੀ ਸੈਨਨ, ਜਿਹੜੀ ਕਿ ਉਸ ਦੀ ਫ਼ਿਲਮ ਵਿੱਚ ਸੀਤਾ ਦੀ ਭੂਮਿਕਾ ਨਿਭਾਅ ਰਹੀ ਹੈ, ਨੂੰ ਚੁੰਮਦਾ ਨਜ਼ਰ ਆ ਰਿਹਾ ਹੈ ਅਤੇ ਇਸ ਵੀਡੀਓ ’ਤੇ ਨਾਂਹ-ਪੱਖੀ ਪ੍ਰਤੀਕਿਰਿਆਵਾਂ ਮਿਲ ਰਹੀਆਂ ਹਨ। ਮੰਦਰ ਦੇ ਮੁੱਖ ਪੁਜਾਰੀ ਨੇ ਇਸ ਨੂੰ ਨਿੰਦਣਯੋਗ ਘਟਨਾ ਕਰਾਰ ਦਿੱਤਾ ਹੈ। ਰਿਪੋਰਟਾਂ ਮੁਤਾਬਕ ਉਨ੍ਹਾਂ ਕਿਹਾ ਕਿ ਡਾਇਰਕੈਟਰ ਅਤੇ ਅਦਾਕਾਰਾ ਕਿਸੇ ਹੋਰ ਥਾਂ ਜਾ ਕੇ ਇਹ ਕਰ ਸਕਦੇ ਸਨ। ਆਂਧਰਾ ਪ੍ਰਦੇਸ਼ ਵਿੱਚ ਭਾਜਪਾ ਦੇ ਸੂੁਬਾ ਸਕੱਤਰ ਰਾਮੇਸ਼ ਨਾਇਡੂ ਨਾਗੋਥੂ ਨੇ ਵੀ ਇਸੇ ਤਰ੍ਹਾਂ ਆਲੋਚਨਾ ਕੀਤੀ ਅਤੇ ਹੁਣ ਟਵੀਟ ਡਿਲੀਟ ਕਰ ਦਿੱਤਾ। ਉਨ੍ਹਾਂ ਟਵੀਟ ਕੀਤਾ, ‘‘ਤਿਰੂਮਾਲਾ ਵਿੱਚ ਭਗਵਾਨ ਵੈਂਕਟੇਸ਼ਵਰ ਸਵਾਮੀ ਦੇ ਮੰਦਰ ਸਾਹਮਣੇ ਚੁੰਮਣ ਅਤੇ ਜੱਫੀ ਪਾਉਣ ਵਰਗੀਆਂ ਹਰਕਤਾਂ ਅਪਮਾਨਜਨਕ ਅਤੇ ਗ਼ੈਰ-ਸਵੀਕਾਰਨਯੋਗ ਹਨ।’’