ਨਵੀਂ ਦਿੱਲੀ, 17 ਜੂਨ
ਕਾਂਗਰਸ, ਆਮ ਆਦਮੀ ਪਾਰਟੀ ਅਤੇ ਸ਼ਿਵ ਸੈਨਾ (ਯੂਬੀਟੀ) ਸਮੇਤ ਵੱਖ ਵੱਖ ਸਿਆਸੀ ਪਾਰਟੀਆਂ ਨੇ ਫ਼ਿਲਮ ‘ਆਦਿਪੁਰਸ਼’ ਵਿੱਚ ਕੁੱਝ ਸੰਵਾਦਾਂ ਅਤੇ ਦ੍ਰਿਸ਼ਾਂ ’ਤੇ ਅੱਜ ਇਤਰਾਜ਼ ਪ੍ਰਗਟਾਉਂਦਿਆਂ ਫ਼ਿਲਮਸਾਜ਼ ਓਮ ਰਾਊਤ ਦੀ ਆਲੋਚਨਾ ਕੀਤੀ ਅਤੇ ਕਿਹਾ ਕਿ ਇਸ ਨਾਲ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਜਦੋਂਕਿ ਭਾਜਪਾ ਨੇ ਫ਼ਿਲਮ ਦੀ ਸਕ੍ਰੀਨਿੰਗ ਆਰਜ਼ੀ ਤੌਰ ’ਤੇ ਮੁਲਤਵੀ ਕਰਨ ਦੀ ਮੰਗ ਕੀਤੀ ਹੈ। ਹਾਲਾਂਕਿ, ਇਨ੍ਹਾਂ ਆਲੋਚਨਾਵਾਂ ਦਰਮਿਆਨ ‘ਆਦਿਪੁਰਸ਼’ ਨੇ ਵਿਸ਼ਵ ਪੱਧਰ ’ਤੇ ਬਾਕਸ ਆਫਿਸ ਉੱਤੇ ਪਹਿਲੇ ਦਿਨ 140 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ‘ਆਦਿਪੁਰਸ਼’ ਦੇ ਖ਼ਰਾਬ ਵੀਐੱਫਐਕਸ ਤੇ ਕੁੱਝ ਸੰਵਾਦਾਂ ਕਾਰਨ ਫ਼ਿਲਮ ਦੀ ਟੀਮ ਨੂੰ ਸੋਸ਼ਲ ਮੀਡੀਆ ’ਤੇ ਆਲੋਚਨਾ ਝੱਲਣੀ ਪੈ ਰਹੀ ਹੈ। ਇਹ ਫ਼ਿਲਮ ਸ਼ੁੱਕਰਵਾਰ ਨੂੰ ਰਿਲੀਜ਼ ਹੋਈ ਸੀ। ਕਾਂਗਰਸ ਆਗੂ ਸੁਪ੍ਰਿਯਾ ਸ੍ਰੀਨੇਤ ਨੇ ਫ਼ਿਲਮ ਵਿੱਚ ਵਰਤੀ ਭਾਸ਼ਾ ਨੂੰ ‘ਟਪੋਰੀ’ ਕਰਾਰ ਦਿੱਤਾ ਹੈ। ਦਿੱਲੀ ਭਾਜਪਾ ਦੇ ਬੁਲਾਰੇ ਪ੍ਰਵੀਨ ਸ਼ੰਕਰ ਕਪੂਰ ਨੇ ਸੂਚਨਾ ਤੇ ਪ੍ਰਸਾਰਨ ਮੰਤਰੀ ਅਨੁਰਾਗ ਠਾਕੁਰ ਨੂੰ ਫ਼ਿਲਮ ਦੀ ਮੁੜ ਸਮੀਖਿਆ ਕਰਨ ਅਤੇ ਸਕ੍ਰੀਨਿੰਗ ਮੁਲਤਵੀ ਕਰਨ ਦੀ ਮੰਗ ਕੀਤੀ ਹੈ।