ਟੋਰਾਂਟੋ, 7 ਮਾਰਚ : ਓਨਟਾਰੀਓ ਦੇ ਆਟੀਜ਼ਮ ਪ੍ਰੋਗਰਾਮ ਵਿੱਚ ਪ੍ਰੋਵਿੰਸ਼ੀਅਲ ਸਰਕਾਰ ਵੱਲੋਂ ਕੀਤੀਆਂ ਜਾਣ ਵਾਲੀਆਂ ਤਬਦੀਲੀਆਂ ਖਿਲਾਫ ਮੁਜ਼ਾਹਰਾ ਕਰਨ ਲਈ ਸੈਂਕੜੇ ਮਾਪੇ, ਥੈਰੇਪਿਸਟ ਤੇ ਯੂਨੀਅਨ ਮੈਂਬਰਜ਼ ਵੱਲੋਂ ਅੱਜ ਕੁਈਨਜ਼ ਪਾਰਕ ਦੇ ਬਾਹਰ ਇੱਕਠਾ ਹੋਣ ਦਾ ਫੈਸਲਾ ਕੀਤਾ ਗਿਆ ਹੈ।
ਆਟੀਜ਼ਮ ਤੋਂ ਪ੍ਰਭਾਵਿਤ ਬੱਚਿਆਂ ਦੇ ਪਰਿਵਾਰਾਂ ਦਾ ਕਹਿਣਾ ਹੈ ਕਿ ਪਿਛਲੇ ਮਹੀਨੇ ਸੋਸ਼ਲ ਸਰਵਿਸਿਜ਼ ਮੰਤਰੀ ਲੀਜ਼ਾ ਮੈਕਲਿਓਡ ਵੱਲੋਂ ਜਿਸ ਯੋਜਨਾ ਦਾ ਖੁਲਾਸਾ ਕੀਤਾ ਗਿਆ ਉਸ ਨਾਲ ਲੋੜਵੰਦ ਬੱਚਿਆਂ ਨੂੰ ਮਿਲਣ ਵਾਲੇ ਇਲਾਜ ਤੱਕ ਉਨ੍ਹਾਂ ਦੀ ਪਹੁੰਚ ਸੀਮਤ ਹੋ ਜਾਵੇਗੀ ਜਾਂ ਨਾਮਾਤਰ ਹੋ ਜਾਵੇਗੀ। ਇਸ ਪ੍ਰੋਗਰਾਮ ਵਿੱਚ ਕੀਤੀਆਂ ਜਾਣ ਵਾਲੀਆਂ ਤਬਦੀਲੀਆਂ ਲਿਆਉਣ ਲਈ ਮੈਕਲਿਓਡ ਨੂੰ ਸਖਤ ਨੁਕਤਾਚੀਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਸ ਪ੍ਰੋਗਰਾਮ ਤਹਿਤ ਆਟੀਜ਼ਮ ਦਾ ਸਿ਼ਕਾਰ 23,000 ਬੱਚਿਆਂ ਨੂੰ ਸਿੱਧੀ ਫੰਡਿੰਗ ਮੁਹੱਈਆ ਕਰਵਾਈ ਜਾਵੇਗੀ ਤੇ ਉਡੀਕ ਲਿਸਟ ਖਤਮ ਕਰ ਦਿੱਤੀ ਜਾਵੇਗੀ। ਇਹ ਨਵਾਂ ਪ੍ਰੋਗਰਾਮ ਪਹਿਲੀ ਅਪਰੈਲ ਨੂੰ ਸ਼ੁਰੂ ਹੋਣ ਜਾ ਰਿਹਾ ਹੈ। ਪਰਿਵਾਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਅਜੇ ਵੀ ਨਹੀਂ ਪਤਾ ਕਿ ਇਹ ਪ੍ਰੋਗਰਾਮ ਆਖਿਰਕਾਰ ਕੰਮ ਕਿਵੇਂ ਕਰੇਗਾ। ਮੈਕਲਿਓਡ ਨੇ ਆਖਿਆ ਕਿ ਉਹ ਇਸ ਮੁਜ਼ਾਹਰੇ ਦਾ ਸਾਹਮਣਾ ਕਰਨ ਲਈ ਵਿਧਾਨ ਸਭਾ ਦੇ ਲਾਅਨ ਵਿੱਚ ਨਹੀਂ ਜਾਵੇਗੀ। ਉਨ੍ਹਾਂ ਦੇ ਆਫਿਸ ਨੇ ਆਖਿਆ ਕਿ ਮੈਕਲਿਓਡ ਨੂੰ ਸੋਸ਼ਲ ਮੀਡੀਆ ਤੇ ਫੋਨ ਰਾਹੀਂ ਧਮਕੀਆਂ ਵੀ ਮਿਲ ਰਹੀਆਂ ਹਨ। ਇੱਕ ਬੁਲਾਰੇ ਨੇ ਦੱਸਿਆ ਕਿ ਇਸ ਬਾਰੇ ਪੁਲਿਸ ਨੂੰ ਵੀ ਸੂਚਿਤ ਕੀਤਾ ਜਾ ਚੁੱਕਿਆ ਹੈ।