ਅਮਰਗੜ੍ਹ – ਇਥੋਂ ਦੇ ਨੇੜਲੇ ਪਿੰਡ ਮੁਹੰਮਦਪੁਰਾ (ਨਵਾਂ ਪਿੰਡ) ਦੇ ਨੌਜਵਾਨ ਮੁਹੰਮਦ ਯਾਮਿਰ ਜੱਸੀ ਨੇ ਜਕਾਰਤਾ ਵਿਖੇ ਪੈਰਾ-ਏਸ਼ੀਆ ਖੇਡਾਂ ‘ਚ ਗੋਲਾ ਸੁੱਟਣ ‘ਚ ਕਾਂਸੀ ਦਾ ਤਮਗਾ ਜਿੱਤ ਕੇ ਪੰਜਾਬ ਤੇ ਆਪਣੇ ਇਲਾਕੇ ਦਾ ਨਾਂ ਰੋਸ਼ਨ ਕਰ ਦਿੱਤਾ ਹੈ। ਮਿਲੀ ਜਾਣਕਾਰੀ ਅਨੁਸਾਰ ਜਕਾਰਤਾ ‘ਚੋਂ ਵਾਪਸ ਆਉਂਦੇ ਸਮੇਂ ਮੁਹੰਮਦ ਯਾਮਿਰ ਜੱਸੀ ਨੇ ਫੋਨ ‘ਤੇ ਗੱਲਬਾਤ ਕਰਦਿਆਂ ਦੱਸਿਆ ਕਿ ਮੇਰੀ ਇਸ ਪ੍ਰਾਪਤੀ ਦੇ ਅਸਲ ਹੱਕਦਾਰ ਮੇਰੇ ਮਾਤਾ-ਪਿਤਾ, ਤਾਰਾ ਵਿਵੇਕ ਕਾਲਜ ਗੱਜਣ ਮਾਜਰਾ ਦੇ ਪ੍ਰਬੰਧਕ ਜਸਵੰਤ ਸਿੰਘ ਗੱਜਣ ਮਾਜਰਾ ਤੇ ਪੰਜਾਬ ਸਪੋਰਟਸ ਵਿਭਾਗ ਦੇ ਕੋਚ ਹਰਮਿੰਦਰਪਾਲ ਸਿੰਘ ਹਨ, ਜਿਨ੍ਹਾਂ ਨੇ ਮੈਨੂੰ ਇਸ ਕਾਬਲ ਬਣਾਇਆ। ਦੱਸ ਦੇਈਏ ਕਿ ਜੱਸੀ ਦੇ ਪਿਤਾ ਇਕ ਆਟੇ ਦੀ ਚੱਕੀ ਦਾ ਕੰਮ ਕਰਦੇ ਹਨ ਤੇ ਮਾਤਾ ਘਰੇਲੂ ਕੰਮਕਾਜ ਕਰਦੀ ਹੈ। ਇਸ ਨੌਜਵਾਨ ਨੇ ਆਪਣੇ ਇਕ ਹੱਥ ਨੂੰ ਹੀ ਬੁਲੰਦ ਹੌਸਲੇ ਦਾ ਧੁਰਾ ਬਣਾ ਕੇ ਮਾਣਮੱਤਾ ਦਾ ਇਤਿਹਾਸ ਰੱਚ ਦਿੱਤਾ ਹੈ।