ਨਵੀਂ ਦਿੱਲੀ, 11 ਨਵੰਬਰ

ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੰਸਦ ਮੈਂਬਰ ਵਰੁਣ ਗਾਂਧੀ ਨੇ ਅੱਜ ਅਦਾਕਾਰਾ ਕੰਗਨਾ ਰਣੌਤ ਦੀ ਉਸ ਕਥਿਤ ਟਿੱਪਣੀ ’ਤੇ ਨਿਸ਼ਾਨਾ ਸਾਧਿਆ, ਜਿਸ ਵਿੱਚ ਅਦਾਕਾਰਾ ਨੇ ਕਿਹਾ ਸੀ ਕਿ ਭਾਰਤ ਨੂੰ 2014 ਵਿੱਚ ਆਜ਼ਾਦੀ ਮਿਲੀ ਅਤੇ 1947 ਵਿੱਚ ਜੋ ਮਿਲਿਆ, ਉਹ ਭੀਖ ਸੀ। ਵਰੁਣ ਗਾਂਧੀ ਨੇ ਅਭਿਨੇਤਰੀ ਦੀ ਵੀਡੀਓ ਕਲਿੱਪ ਵੀ ਸਾਂਝੀ ਕੀਤੀ ਜਿਸ ਵਿੱਚ ਨਿਊਜ਼ ਚੈਨਲ ਦੇ ਪ੍ਰੋਗਰਾਮ ਦੌਰਾਨ ਰਣੌਤ ਨੂੰ ਇਹ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ, ‘ਇਹ ਆਜ਼ਾਦੀ ਨਹੀਂ ਸਗੋਂ ਭੀਖ ਸੀ ਅਤੇ ਆਜ਼ਾਦੀ ਸਾਨੂੰ 2014 ਵਿੱਚ ਮਿਲੀ।’ ਰਣੌਤ, ਜਿਸ ਨੂੰ ਹਾਲ ਹੀ ਵਿੱਚ ਪਦਮਸ਼੍ਰੀ ਪੁਰਸਕਾਰ ਮਿਲਿਆ ਹੈ, ਦਾ ਇਸ਼ਾਰਾ ਸਾਲ 2014 ਵਿੱਚ ਭਾਜਪਾ ਦੇ ਸੱਤਾ ਵਿੱਚ ਆਉਣ ਵੱਲ ਸੀ। ਅਭਿਨੇਤਰੀ ਆਪਣੇ ਸੱਜੇ ਪੱਖੀ ਬਿਆਨਾਂ ਲਈ ਪਿਛਲੇ ਸਮੇਂ ਵਿੱਚ ਵੀ ਵਿਵਾਦਾਂ ਵਿੱਚ ਰਹੀ ਹੈ। ਕੰਗਨਾ ਰਣੌਤ ਦੀ ਆਲੋਚਨਾ ਕਰਦੇ ਹੋਏ ਵਰੁਣ ਗਾਂਧੀ ਨੇ ਟਵੀਟ ਕੀਤਾ, ‘ਕਦੇ ਮਹਾਤਮਾ ਗਾਂਧੀ ਦੇ ਬਲਿਦਾਨ ਦਾ ਅਪਮਾਨ, ਕਦੇ ਉਨ੍ਹਾਂ ਦੇ ਕਾਤਲ ਦਾ ਸਨਮਾਨ ਅਤੇ ਹੁਣ ਸ਼ਹੀਦ ਮੰਗਲ ਪਾਂਡੇ ਤੋਂ ਲੈ ਕੇ ਰਾਣੀ ਲਕਸ਼ਮੀਬਾਈ, ਭਗਤ ਸਿੰਘ, ਚੰਦਰਸ਼ੇਖਰ ਆਜ਼ਾਦ, ਨੇਤਾਜੀ ਸੁਭਾਸ਼ ਚੰਦਰ ਬੋਸ ਅਤੇ ਲੱਖਾਂ ਆਜ਼ਾਦੀ ਘੁਲਾਟੀਆਂ ਦੀ ਕੁਰਬਾਨੀਆਂ ਦਾ ਅਪਮਾਣ। ਕੀ ਮੈਂ ਇਸ ਸੋਚ ਨੂੰ ਪਾਗਲਪਨ ਕਹਾਂ ਜਾਂ ਦੇਸ਼ ਧ੍ਰੋਹ?’ ਇਸ ਦੇ ਨਾਲ ਹੀ ਕੰਗਨਾ ਰਣੌਤ ਨੇ ਸੋਸ਼ਲ ਮੀਡੀਆ ‘ਤੇ ਮੋੜਵਾਂ ਜੁਆਬ ਦਿੰਦਿਆਂ ਕਿਹਾ,‘ਮੈਂ ਸਪੱਸ਼ਟ ਤੌਰ ‘ਤੇ ਕਿਹਾ ਹੈ ਕਿ 1857 ਦੀ ਕ੍ਰਾਂਤੀ ਪਹਿਲੀ ਆਜ਼ਾਦੀ ਦੀ ਲੜਾਈ ਸੀ, ਜਿਸ ਨੂੰ ਦਬਾਇਆ ਗਿਆ ਅਤੇ ਨਤੀਜੇ ਵਜੋਂ ਅੰਗਰੇਜ਼ਾਂ ਦੇ ਜ਼ੁਲਮ ਹੋਰ ਵਧ ਗਏ ਅਤੇ ਲਗਭਗ ਸਦੀ ਬਾਅਦ ਸਾਨੂੰ ਗਾਂਧੀ ਜੀ ਦੇ ਭੀਖ ਵਾਲੇ ਕਟੋਰੇ ਵਿੱਚ ਆਜ਼ਾਦੀ ਦਿੱਤੀ ਗਈ ਸੀ।’