ਮਿਆਮੀ, 28 ਮਾਰਚ
ਨੋਵਾਕ ਜੋਕੋਵਿਚ ਦਾ ਸੱਤਵੀਂ ਵਾਰ ਮਿਆਮੀ ਓਪਨ (ਟੈਨਿਸ) ਏਟੀਪੀ ਖ਼ਿਤਾਬ ਜਿੱਤਣ ਦਾ ਸੁਪਨਾ ਇੱਥੇ ਰਾਬਰਟ ਬਤਿਸਤਾ ਆਗੁਤ ਤੋਂ ਹਾਰਨ ਦੇ ਨਾਲ ਹੀ ਟੁੱਟ ਗਿਆ। ਆਗੁਤ ਨੇ ਪਹਿਲੇ ਸੈੱਟ ਵਿੱਚ ਤਕੜੀ ਹਾਰ ਝੱਲਣ ਮਗਰੋਂ ਸ਼ਾਨਦਾਰ ਵਾਪਸੀ ਕੀਤੀ ਅਤੇ 1-6, 7-5, 6-3 ਨਾਲ ਜਿੱਤ ਦਰਜ ਕਰਕੇ ਕੁਆਰਟਰ ਫਾਈਨਲ ਵਿੱਚ ਥਾਂ ਬਣਾਈ।
ਜੋਕੋਵਿਚ ਨੇ ਬਿਹਰਤੀਨ ਸ਼ੁਰੂਆਤ ਕੀਤੀ ਅਤੇ 25 ਮਿੰਟ ਮਗਰੋੀ ਉਹ 5-0 ਨਾਲ ਅੱਗੇ ਸੀ। ਸਪੇਨ ਦੇ ਬਤਿਸਤਾ ਆਗੁਤ ਲਈ ਉਸ ਨੂੰ ਰੋਕਣਾ ਸੌਖਾ ਨਹੀਂ ਸੀ। ਦੂਜੇ ਸੈੱਟ ਵਿੱਚ ਮੀਂਹ ਪੈਣ ਕਾਰਨ ਕੁੱਝ ਸਮੇਂ ਲਈ ਮੈਚ ਰੋਕਣਾ ਪਿਆ। ਇਸ ਮਗਰੋਂ ਆਗੁਤ ਨੇ ਸ਼ਾਨਦਾਰ ਵਾਪਸੀ ਕੀਤੀ। ਆਗੁਤ ਨੇ ਕਿਹਾ, ‘‘ਇਹ ਜਿੱਤ ਮੇਰੇ ਲਈ ਖਾਸ ਮਹੱਤਵ ਰੱਖਦੀ ਹੈ। ਮੈਂ ਸਿਰਫ਼ ਹਮਲਾਵਰ ਖੇਡ ਵਿਖਾਉਣ ਦੀ ਕੋਸ਼ਿਸ਼ ਕੀਤੀ।’’ ਉਸ ਦਾ ਅਗਲਾ ਮੁਕਾਬਲਾ ਮੌਜੂਦਾ ਚੈਂਪੀਅਨ ਜੌਹਨ ਇਸਨਰ ਨਾਲ ਹੋਵੇਗਾ, ਜਿਸ ਨੇ ਬਰਤਾਨੀਆ ਦੇ ਵਿਸ਼ਵ ਵਿੱਚ 22ਵੇਂ ਨੰਬਰ ਦੇ ਖਿਡਾਰੀ ਕਾਇਲ ਐਡਮੰਡ ਨੂੰ 7-6 (7/5), 7-6(7/3) ਨਾਲ ਸ਼ਿਕਸਤ ਦਿੱਤੀ। ਕੈਨੇਡਾ ਦੇ ਫੈਲਿਕਸ ਆਗੁਰ ਅਲਿਸੀਮੇ ਨੇ ਜੌਰਜੀਆ ਦੇ ਨਿਕੋਲੋਜ਼ ਬਾਸਿਲਾਸ਼ਵਿਲੀ ਨੂੰ 7-6 (7-4), 6-4 ਨਾਲ ਹਰਾਇਆ। ਉਸ ਨੇ ਹੁਣ ਬੋਰਨਾ ਕੋਚਰਚ ਨਾਲ ਭਿੜਨਾ ਹੈ। ਇਸ ਕ੍ਰੋਏਸ਼ਿਆਈ ਖਿਡਾਰੀ ਨੇ ਨਿਕ ਕਿਰਗਿਓਸ ਨੂੰ 4-6, 6-3, 6-2 ਨਾਲ ਮਾਤ ਦਿੱਤੀ।
ਮਹਿਲਾਵਾਂ ਦੇ ਵਰਗ ਵਿੱਚ ਐਸਤੋਨੀਆ ਦੀ ਐਨਟ ਕੌਂਟਾਵੀਟ ਨੇ ਸੀਹ ਸੂ ਵੇਈ ਨੂੰ 3-6, 6-2, 7-5 ਨਾਲ ਹਰਾ ਕੇ ਪਹਿਲੀ ਵਾਰ ਮਿਆਮੀ ਡਬਲਯੂਟੀਏ ਓਪਨ ਦੇ ਸੈਮੀ ਫਾਈਨਲ ਵਿੱਚ ਥਾਂ ਬਣਾਈ ਸੀ।