ਦੁਬਈ, 16 ਦਸੰਬਰ

ਇੰਟਰਨੈਸ਼ਨਲ ਕ੍ਰਿਕਟ ਕਾਊਂਸਲ (ਆਈਸੀਸੀ) ਵਲੋਂ ਅੱਜ ਵਿਸ਼ਵ ਦੇ ਟੈਸਟ ਕ੍ਰਿਕਟ ਖਿਡਾਰੀਆਂ ਦੀ ਰੈਂਕਿੰਗ ਜਾਰੀ ਕੀਤੀ ਗਈ ਜਿਸ ਦੇ ਪਹਿਲੇ ਦਸਾਂ ਵਿਚ ਤਿੰਨ ਭਾਰਤੀ ਖਿਡਾਰੀਆਂ ਨੂੰ ਥਾਂ ਮਿਲੀ ਹੈ। ਭਾਰਤੀ ਕਪਤਾਨ ਵਿਰਾਟ ਕੋਹਲੀ ਇਕ ਸਥਾਨ ਅੱਗੇ ਵੱਧ ਕੇ ਦੂਜੇ ਸਥਾਨ ’ਤੇ ਪੁੱਜ ਗਿਆ ਹੈ ਜਦਕਿ ਚੇਤੇਸ਼ਵਰ ਪੁਜਾਰਾ ਨੂੰ 7ਵਾਂ ਤੇ ਅਜਿੰਕਿਆ ਰਹਾਣੇ ਨੂੰ 10ਵਾਂ ਸਥਾਨ ਮਿਲਿਆ ਹੈ। ਟੈਸਟ ਰੈਂਕਿੰਗ ਵਿਚ ਸਿਖਰ ’ਤੇ ਆਸਟਰੇਲੀਅਨ ਬੱਲੇਬਾਜ਼ 911 ਅੰਕਾਂ ਨਾਲ ਸਟੀਵ ਸਮਿੱਥ ਹੈ ਜਦਕਿ ਵਿਰਾਟ ਦੇ 886 ਅੰਕ ਹਨ ਤੇ ਉਹ ਦੂਜੇ ਨੰਬਰ ’ਤੇ ਹੈ।

ਨਿਊਜ਼ੀਲੈਂਡ ਦਾ ਕਪਤਾਨ ਕੇਨ ਵਿਲੀਅਮਸਨ ਸੂਚੀ ਵਿਚ ਤੀਜੇ ਸਥਾਨ ’ਤੇ ਹੈ। ਇਸ ਤੋਂ ਬਾਅਦ ਪੰਜਵੇਂ ਸਥਾਨ ’ਤੇ ਆਸਟਰੇਲੀਆ ਦਾ ਮਾਰਨਸ ਲਾਬੂਸ਼ੇਨ, ਪਾਕਿਸਤਾਨ ਦਾ ਬਾਬਰ ਆਜ਼ਮ ਤੇ ਆਸਟਰੇਲੀਆ ਦਾ ਡੇਵਿਡ ਵਾਰਨਰ ਹੈ। ਦੂਜੇ ਪਾਸੇ ਗੇਂਦਬਾਜ਼ਾਂ ਵਿਚ ਪਹਿਲੇ ਦਸ ਸਥਾਨਾਂ ਵਿਚ ਭਾਰਤ ਦੇ ਦੋ ਗੇਂਦਬਾਜ਼ਾਂ ਜਸਪ੍ਰੀਤ ਬੁਮਰਾਹ ਤੇ ਰਵੀਚੰਦਰਨ ਅਸ਼ਵਿਨ ਆਏ ਹਨ ਜੋ ਕ੍ਰਮਵਾਰ 8ਵੇਂ ਤੇ 10ਵੇਂ ਸਥਾਨ ’ਤੇ ਹਨ। ਗੇਂਦਬਾਜ਼ਾਂ ਦੀ ਸੂਚੀ ਵਿਚ ਸਿਖਰ ’ਤੇ ਆਸਟਰੇਲੀਅਨ ਗੇਂਦਬਾਜ਼ ਪੈਟ ਕਮਿਨਜ਼ ਹੈ। ਮੋਹਰੀ ਟੈਸਟ ਟੀਮ ਬਣਨ ਦਾ ਮਾਣ ਆਸਟਰੇਲੀਆ ਦੇ ਹਿੱਸੇ ਆਇਆ ਹੈ।