ਦੁਬਈ, ਸਟੀਵ ਸਮਿੱਥ ਤੇ ਪੈਟ ਕਮਿਨਸ ਨੇ ਮੈਨਚੈਸਟਰ ਵਿੱਚ ਚੌਥੇ ਐਸ਼ੇਜ਼ ਟੈਸਟ ਦੌਰਾਨ ਆਸਟਰੇਲੀਆ ਦੀ ਇੰਗਲੈਂਡ ’ਤੇ ਜਿੱਤ ਵਿੱਚ ਅਹਿਮ ਭੂਮਿਕਾ ਨਿਭਾ ਕੇ ਆਈਸੀਸੀ ਟੈਸਟ ਦਰਜਾਬੰਦੀ ਦੇ ਸਿਖਰਲੇ ਸਥਾਨਾਂ ’ਚ ਆਪਣੀ ਸਥਿਤੀ ਮਜ਼ਬੂਤ ਕਰ ਲਈ ਹੈ। ਸਮਿੱਥ ਨੇ ਭਾਰਤੀ ਕਪਤਾਨ ਵਿਰਾਟ ਕੋਹਲੀ ’ਤੇ 34 ਅੰਕਾਂ ਦੀ ਲੀਡ ਬਣਾ ਲਈ ਹੈ ਅਤੇ ਪੰਜ ਮੈਚਾਂ ਦੀ ਐਸ਼ੇਜ਼ ਲੜੀ ਦੇ ਖ਼ਤਮ ਹੋਣ ’ਤੇ ਉਸ ਦਾ ਦਰਜਾਬੰਦੀ ਵਿੱਚ ਚੋਟੀ ’ਤੇ ਬਰਕਰਾਰ ਰਹਿਣਾ ਲਗਭਗ ਤੈਅ ਹੈ।
ਆਸਟਰੇਲੀਆ ਨੇ ਇੰਗਲੈਂਡ ਤੋਂ ਇਹ ਮੈਚ 185 ਦੌੜਾਂ ਨਾਲ ਜਿੱਤਿਆ ਸੀ। ਇਸ ਦੌਰਾਨ 211 ਅਤੇ 82 ਦੌੜਾਂ ਦੀਆਂ ਪਾਰੀਆਂ ਖੇਡ ਕੇ ‘ਮੈਨ ਆਫ ਦਿ ਮੈਚ’ ਬਣੇ ਸਮਿੱਥ ਦੇ 927 ਅੰਕ ਹੋ ਗਏ ਹਨ, ਜੋ ਦਸੰਬਰ 2017 ਵਿੱਚ ਉਸ ਦੇ ਸਰਵੋਤਮ ਰੇਟਿੰਗ ਅੰਕ ਤੋਂ ਸਿਰਫ਼ ਦਸ ਘੱਟ ਹਨ। ਮੈਚ ਵਿੱਚ 103 ਦੌੜਾਂ ਦੇ ਕੇ ਸੱਤ ਵਿਕਟਾਂ ਲੈਣ ਵਾਲੇ ਕਮਿਨਸ ਨੇ ਆਪਣੇ ਕਰੀਅਰ ਦੇ ਸਰਵੋਤਮ 914 ਰੇਟਿੰਗ ਅੰਕ ਦੀ ਬਰਾਬਰੀ ਕਰ ਲਈ ਹੈ, ਜੋ ਟੈਸਟ ਕ੍ਰਿਕਟ ਦੇ ਇਤਿਹਾਸ ਵਿੱਚ ਪੰਜਵੀਂ ਵਾਰ ਸਭ ਤੋਂ ਵੱਧ ਅੰਕ ਹਨ। ਇਹ ਆਸਟਰੇਲੀਆ ਵੱਲੋਂ ਸਾਂਝੇ ਤੌਰ ’ਤੇ ਸਭ ਤੋਂ ਵੱਧ ਰੇਟਿੰਗ ਅੰਕ ਹਨ। ਗਲੈਨ ਮੈਕਗ੍ਰਾਅ ਨੇ ਵੀ ਸਾਲ 2001 ਵਿੱਚ ਇੰਨੇ ਹੀ ਅੰਕ ਹਾਸਲ ਕੀਤੇ ਸਨ। ਕਮਿਨਸ ਨੇ ਦੱਖਣੀ ਅਫਰੀਕਾ ਦੇ ਤੇਜ਼ ਗੇਂਦਬਾਜ਼ ਕੈਗਿਸੋ ਰਬਾਡਾ ’ਤੇ 63 ਅੰਕਾਂ ਦੀ ਲੀਡ ਬਣਾ ਰੱਖੀ ਹੈ, ਜਦਕਿ ਭਾਰਤ ਦਾ ਜਸਪ੍ਰੀਤ ਬੁਮਰਾਹ ਤੀਜੇ ਸਥਾਨ ’ਤੇ ਹੈ। ਆਸਟਰੇਲੀਆ ਦਾ ਜੋਸ਼ ਹੇਜ਼ਲਵੁੱਡ ਇਸ ਸਾਲ ਪਹਿਲੀ ਵਾਰ ਚੋਟੀ ਦੇ ਦਸ ਵਿੱਚ ਥਾਂ ਬਣਾਉਂਦਿਆਂ 12ਵੇਂ ਤੋਂ ਅੱਠਵੇਂ ਸਥਾਨ ’ਤੇ ਪਹੁੰਚ ਗਿਆ।
ਬੱਲੇਬਾਜ਼ੀ ਵਿੱਚ ਇੰਗਲੈਂਡ ਦੇ ਜੋਸ ਬਟਲਰ (ਚਾਰ ਸਥਾਨਾਂ ਦੇ ਫ਼ਾਇਦੇ ਨਾਲ 37ਵੇਂ) ਅਤੇ ਰੋਰੀ ਬਰਨਸ (ਛੇ ਸਥਾਨ ਦੇ ਫ਼ਾਇਦੇ ਨਾਲ ਕਰੀਅਰ ਦੇ ਸਰਵੋਤਮ 61ਵੇਂ ਸਥਾਨ ’ਤੇ), ਜਦਕਿ ਆਸਟਰੇਲੀਆ ਦੇ ਕਪਤਾਨ ਟਿਮ ਪੇਨ (ਛੇ ਸਥਾਨ ਦੇ ਫ਼ਾਇਦੇ ਨਾਲ 60ਵੇਂ ਨੰਬਰ ’ਤੇ) ਨੂੰ ਫ਼ਾਇਦਾ ਹੋਇਆ ਹੈ।
ਚਟਗਾਓਂ ਵਿੱਚ ਬੰਗਲਾਦੇਸ਼ ’ਤੇ ਅਫ਼ਗਾਨਿਸਤਾਨ ਦੀ 224 ਦੌੜਾਂ ਦੀ ਜਿੱਤ ਨਾਲ ਮਹਿਮਾਨ ਟੀਮ ਦੇ ਖਿਡਾਰੀਆਂ ਨੂੰ ਫ਼ਾਇਦਾ ਮਿਲਿਆ। ਸਾਬਕਾ ਕਪਤਾਨ ਅਸਗਰ ਅਫ਼ਗਾਨ 91 ਅਤੇ 50 ਦੌੜਾਂ ਦੀਆਂ ਪਾਰੀਆਂ ਖੇਡਣ ਮਗਰੋਂ 110ਵੇਂ ਤੋਂ 63ਵੇਂ ਸਥਾਨ ’ਤੇ ਪਹੁੰਚ ਗਿਆ ਹੈ।
‘ਮੈਨ ਆਫ ਦਿ ਮੈਚ’ ਬਣਿਆ ਕਪਤਾਨ ਰਾਸ਼ਿਦ ਖ਼ਾਨ 69ਵੇਂ ਤੋਂ 34ਵੇਂ ਨੰਬਰ ’ਤੇ ਪਹੁੰਚ ਗਿਆ।