ਦੁਬਈ, ਆਸਟਰੇਲੀਆ ਖ਼ਿਲਾਫ਼ ਤਿੰਨ ਮੈਚਾਂ ਦੀ ਲੜੀ ਵਿੱਚ ਪ੍ਰਭਾਵਸ਼ਾਲੀ ਪ੍ਰਦਰਸ਼ਨ ਕਰਨ ਵਾਲਾ ਭਾਰਤੀ ਬੱਲੇਬਾਜ਼ ਕੇਐੱਲ ਰਾਹੁਲ ਆਈਸੀਸੀ ਵੱਲੋਂ ਜਾਰੀ ਤਾਜ਼ਾ ਟੀ-20 ਦਰਜਾਬੰਦੀ ਵਿੱਚ ਬੱਲੇਬਾਜ਼ਾਂ ਦੀ ਸੂਚੀ ’ਚ ਤੀਜੇ ਨੰਬਰ ’ਤੇ ਪਹੁੰਚ ਗਿਆ ਹੈ, ਜਦੋਂਕਿ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਇੱਕ ਸਥਾਨ ਦੇ ਫ਼ਾਇਦੇ ਨਾਲ ਅੱਠਵਾਂ ਸਥਾਨ ਪ੍ਰਾਪਤ ਕੀਤਾ। ਭਾਰਤ ਨੇ ਮੇਜ਼ਬਾਨ ਆਸਟਰੇਲੀਆ ਤੋਂ ਇਹ ਲੜੀ 2-1 ਨਾਲ ਜਿੱਤੀ ਸੀ।
ਰਾਹੁਲ ਨੇ ਕੈਨਬਰਾ ਅਤੇ ਸਿਡਨੀ ਵਿੱਚ ਖੇਡੇ ਗਏ ਟੀ-20 ਮੈਚਾਂ ਵਿੱਚ ਕ੍ਰਮਵਾਰ 51 ਅਤੇ 30 ਦੌੜਾਂ ਬਣਾਈਆਂ ਸਨ। ਇਸ ਪ੍ਰਭਾਵਸ਼ਾਲੀ ਪ੍ਰਦਰਸ਼ਨ ਮਗਰੋਂ ਰਾਹੁਲ ਦੇ 816 ਅੰਕ ਹੋ ਗਏ ਹਨ, ਪਰ ਉਹ ਦੂਜੇ ਸਥਾਨ ’ਤੇ ਕਾਬਜ਼ ਬੱਲੇਬਾਜ਼ ਬਾਬਰ ਆਜ਼ਮ ਤੋਂ 55 ਅੰਕ ਪਿੱਛੇ ਹੈ। ਆਸਟਰੇਲਿਆਈ ਟੀਮ ਦਾ ਕਪਤਾਨ ਆਰੋਨ ਫਿੰਚ ਚੌਥੇ ਸਥਾਨ ’ਤੇ ਖਿਸਕ ਗਿਆ ਹੈ। ਕੋਹਲੀ ਨੇ ਤੀਜੇ ਅਤੇ ਆਖ਼ਰੀ ਟੀ-20 ਵਿੱਚ 85 ਦੌੜਾਂ ਦੀ ਬਿਹਤਰੀਨ ਪਾਰੀ ਖੇਡੀ ਸੀ। ਇਸ ਲਈ ਇੱਕ ਸਥਾਨ ਦੇ ਫ਼ਾਇਦਾ ਨਾਲ ਉਹ ਅੱਠਵੇਂ ਸਥਾਨ ’ਤੇ ਪਹੁੰਚ ਗਿਆ।