ਅਹਿਮਦਾਬਾਦ:ਭਾਰਤੀ ਕ੍ਰਿਕਟ ਬੋਰਡ ਦੀ ਸਾਲਾਨਾ ਮੀਟਿੰਗ ਵਿੱਚ ਇੰਡੀਅਨ ਪ੍ਰੀਮੀਅਰ ਲੀਗ ਵਿਚ ਦੋ ਨਵੀਆਂ ਟੀਮਾਂ ਸ਼ਾਮਲ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਇਹ ਟੀਮਾਂ ਸਾਲ 2022 ਆਈਪੀਐਲ ਅਡੀਸ਼ਨ ਦੇ ਮੈਚ ਖੇਡਣਗੀਆਂ। ਬੀਸੀਸੀਆਈ ਨੇ ਇਕ ਹੋਰ ਵੱਡਾ ਫੈਸਲਾ ਕਰਦਿਆਂ ਕ੍ਰਿਕਟ ਟੀ-20 ਨੂੰ 2028 ਲਾਸ ਏਂਜਲਸ ਓਲੰਪਿਕ ਵਿਚ ਸ਼ਾਮਲ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਤੋਂ ਪਹਿਲਾਂ ਬੀਸੀਸੀਆਈ ਨੇ ਆਈਸੀਸੀ ਤੋਂ ਇਸ ਬਾਰੇ ਕੁਝ ਸ਼ੰਕੇ ਦੂਰ ਕੀਤੇ ਸਨ। ਸਾਬਕਾ ਤੇਜ਼ ਗੇਂਦਬਾਜ਼ ਚੇਤਨ ਸ਼ਰਮਾ ਨੂੰ ਸੀਨੀਅਰ ਚੋਣ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ ਹੈ ਤੇ ਦੇਬਸ਼ੀਸ਼ ਮੋਹੰਤੀ ਤੇ ਅਭੈ ਕੁਰਵਿਲਾ ਚੋਣ ਕਮੇਟੀ ਦੇ ਨਵੇਂ ਮੈਂਬਰ ਬਣਾਏ ਗਏ ਹਨ। ਬੀਸੀਸੀਆਈ ਨੇ ਰਾਜੀਵ ਸ਼ੁਕਲਾ ਨੂੰ ਮੀਤ ਪ੍ਰਧਾਨ ਨਿਯੁਕਤ ਕੀਤਾ ਹੈ। ਇਸ ਦੇ ਨਾਲ ਹੀ ਸੌਰਵ ਗਾਂਗੁਲੀ ਨੂੰ ਆਈਸੀਸੀ ਬੋਰਡ ਦੇ ਡਾਇਰੈਕਟਰ ਵਜੋਂ ਕੰਮ ਕਰਦੇ ਰਹਿਣ ਲਈ ਹਰੀ ਝੰਡੀ ਦਿੱਤੀ ਗਈ ਹੈ।