ਕੋਲਕਾਤਾ, 20 ਦਸੰਬਰ
ਆਸਟਰੇਲੀਆ ਦੇ ਤੇਜ਼ ਗੇਂਦਬਾਜ਼ ਪੈਟ ਕਮਿਨਜ਼ ਅੱਜ ਇੱਥੇ ਇੰਡੀਅਨ ਪ੍ਰੀਮੀਅਰ ਲੀਗ ਲਈ ਹੋਈ ਨਿਲਾਮੀ ਵਿੱਚ ਸਭ ਤੋਂ ਵੱਧ ਕੀਮਤ ’ਤੇ ਵਿਕਣ ਵਾਲੇ ਵਿਦੇਸ਼ੀ ਖਿਡਾਰੀ ਬਣਿਆ। ਦੋ ਵਾਰ ਦੀ ਚੈਂਪੀਅਨ ਕੋਲਕਾਤਾ ਨਾਈਟ ਰਾਈਡਰਜ਼ (ਕੇਕੇਆਰ) ਨੇ 15.50 ਕਰੋੜ ਰੁਪਏ ਦੀ ਬੋਲੀ ਲਗਾ ਕੇ ਉਸ ਨੂੰ ਆਪਣੀ ਟੀਮ ਨਾਲ ਜੋੜਿਆ।
ਕਮਿਨਜ਼ ਨੂੰ ਟੀਮ ਨਾਲ ਜੋੜਨ ਲਈ ਦਿੱਲੀ ਕੈਪੀਟਲਜ਼ ਤੇ ਰਾਇਲ ਚੈਲੰਜਰਜ਼ ਬੰਗਲੌਰ ਵਿਚਾਲੇ ਮੁਕਾਬਲਾ ਦੇਖਣ ਨੂੰ ਮਿਲਿਆ ਪਰ ਉਸ ਦੀ ਬੋਲੀ ਪ੍ਰਕਿਰਿਆ ’ਚ ਸ਼ਾਮਲ ਹੋਣ ਤੋਂ ਬਾਅਦ ਕੇਕੇਆਰ ਨੇ ਸਭ ਤੋਂ ਵੱਧ 15.50 ਕਰੋੜ ਰੁਪਏ ਦੀ ਬੋਲੀ ਲਗਾਈ। ਕਮਿਨਜ਼ ਨੇ ਆਈਪੀਐੱਲ ਦੇ 25 ਮੈਚਾਂ ’ਚ ਹੁਣ ਤੱਕ 32 ਵਿਕਟਾਂ ਲਈਆਂ ਹਨ ਜਿੱਥੇ ਉਸ ਨੇ ਪ੍ਰਤੀ ਓਵਰ ਲਗਪਗ ਛੇ ਦੌੜਾਂ ਦਿੱਤੀਆਂ ਸਨ। ਕਮਿਨਜ਼ ਨੇ ਸਭ ਤੋਂ ਮਹਿੰਗੇ ਵਿਦੇਸ਼ੀ ਖਿਡਾਰੀ ਦੇ ਮਾਮਲੇ ’ਚ ਬੈਨ ਸਟੋਕਸ ਦਾ ਰਿਕਾਰਡ ਤੋੜ ਦਿੱਤਾ ਜਿਸ ਨੂੰ ਰਾਈਜ਼ਿੰਗ ਪੁਣੇ ਸੁਪਰਜਾਇੰਟਸ ਨੇ 2017 ਵਿੱਚ 14.5 ਕਰੋੜ ਰੁਪਏ ਵਿੱਚ ਖਰੀਦਦਿਆ ਸੀ। ਨਿਲਾਮੀ ’ਚ ਆਸਟਰੇਲਿਆਈ ਖਿਡਾਰੀਆਂ ਦਾ ਦਬਦਬਾ ਰਿਹਾ। ਆਪਣੀ ਹਮਲਾਵਰ ਬੱਲੇਬਾਜ਼ੀ ਲਈ ਮਸ਼ਹੂਰ ਗਲੈੱਨ ਮੈਕਸਵੈੱਲ ਲਈ ਦਿੱਲੀ ਕੈਪੀਟਲਜ਼ ਤੇ ਕਿੰਗਜ਼ ਇਲੈਵਨ ਪੰਜਾਬ ਨੇ ਖਾਸੀ ਦਿਲਚਸਪੀ ਦਿਖਾਈ। ਪੰਜਾਬ ਦੀ ਟੀਮ 10.75 ਕਰੋੜ ਰੁਪਏ ਦੀ ਬੋਲੀ ਲਗਾ ਕੇ ਉਸ ਨੂੰ ਆਪਣੀ ਟੀਮ ’ਚ ਸ਼ਾਮਲ ਕਰਨ ’ਚ ਸਫ਼ਲ ਰਹੀ। ਕਿੰਗਜ਼ ਇਲੈਵਨ ਪੰਜਾਬ ਇਸ ਆਈਪੀਐੱਲ ’ਚ ਨਿਲਾਮੀ ’ਚ 42.70 ਕਰੋੜ ਰੁਪਏ ਦੀ ਸਭ ਤੋਂ ਵੱਧ ਰਾਸ਼ੀ ਨਾਲ ਸ਼ਾਮਲ ਹੋਈ ਹੈ। ਟੀਮ ਦਾ ਕਪਤਾਨ ਕੇ.ਐੱਲ. ਰਾਹੁਲ ਨੂੰ ਨਿਯੁਕਤ ਕੀਤਾ ਗਿਆ ਹੈ।
ਮੈਕਸਵੈੱਲ ਤੇ ਕਮਿਨਜ਼ ਦੋਹਾਂ ਨੇ ਆਈਪੀਐੱਲ ਦੇ ਪਿਛਲੇ ਸੈਸ਼ਨ ਤੋਂ ਨਾਮ ਵਾਪਸ ਲੈ ਲਿਆ ਸੀ। ਇਸ ਨਿਲਾਮੀ ’ਚ ਵੱਡੀ ਰਕਮ ਪਾਉਣ ਵਾਲਿਆਂ ’ਚ ਦੱਖਣੀ ਅਫ਼ਰੀਕਾ ਦਾ ਕ੍ਰਿਸ ਮੌਰਿਸ ਵੀ ਸ਼ਾਮਲ ਹੈ ਜਿਸ ਲਈ ਰਾਇਲ ਚੈਲੰਜਰਜ਼ ਬੰਗਲੌਰ ਨੇ 10 ਕਰੋੜ ਰੁਪਏ ਦੀ ਬੋਲੀ ਲਗਾਈ। ਵੈਸਟ ਇੰਡੀਜ਼ ਦੇ ਤੇਜ਼ ਗੇਂਦਬਾਜ਼ ਸੈਲਡਨ ਕੌਟਰੈੱਲ ਦੀ ਮੂਲ ਕੀਮਤ 50 ਲੱਖ ਰੁਪਏ ਸੀ ਪਰ ਕਿੰਗਜ਼ ਇਲੈਵਨ ਪੰਜਾਬ ਨੇ ਉਸ ਲਈ ਦਿਲ ਖੋਲ੍ਹ ਕੇ ਖਰਚ ਕੀਤਾ ਅਤੇ 8.50 ਕਰੋੜ ਰੁਪਏ ਵਿੱਚ ਟੀਮ ਨਾਲ ਜੋੜਿਆ। ਵੈਸਟ ਇੰਡੀਜ਼ ਦੇ ਬੱਲੇਬਾਜ਼ ਸ਼ਿਮਰੋਨ ਹੈੱਟਮਾਇਰ ਨੂੰ ਦਿੱਲੀ ਕੈਪੀਟਲਜ਼ ਨੇ 7.75 ਕਰੋੜ ਰੁਪਏ ’ਚ ਖਰੀਦਿਆ।
ਆਸਟਰੇਲੀਆ ਦੇ ਸੀਮਿਤ ਓਵਰਾਂ ਦੇ ਕਪਤਾਨ ਆਰੋਨ ਫਿੰਚ ਨੂੰ ਰਾਇਲ ਚੈਲੰਜਰਜ਼ ਬੰਗਲੌਰ ਨੇ 4.4 ਕਰੋੜ ਰੁਪਏ ’ਚ ਖ਼ਰੀਦਿਆ। ਕ੍ਰਿਸ ਲਿਨ ਨੂੰ ਮੁੰਬਈ ਇੰਡੀਅਨਜ਼ ਨੇ ਮੂਲ ਕੀਮਤ ਦੋ ਕਰੋੜ ਰੁਪਏ ਵਿੱਚ ਖਰੀਦਿਆ।
ਇਸ ਤੋਂ ਪਹਿਲਾਂ ਇੰਗਲੈਂਡ ਦੇ ਵਿਸ਼ਵ ਜੇਤੂ ਕਪਤਾਨ ਈਓਨ ਮੌਰਗਨ ਲਈ ਕੋਲਕਾਤਾ ਨਾਈਟ ਰਾਈਡਰਜ਼ ਨੇ 5.25 ਕਰੋੜ ਰੁਪਏ ਦੀ ਸਭ ਤੋਂ ਵੱਧ ਬੋਲੀ ਲਗਾਈ। ਮੈਕਸਵੈੱਲ ਦੇ ਆਸਟਰੇਲਿਆਈ ਸਾਥੀ ਤੇਜ਼ ਗੇਂਦਬਾਜ਼ ਨਾਥਨ ਕੂਲਟਰ ਨਾਈਲ ਨੂੰ ਮੁੰਬਈ ਇੰਡੀਅਨਜ਼ ਨੇ ਅੱਠ ਕਰੋੜ ਰੁਪਏ ’ਚ ਖਰੀਦਿਆ ਜਦੋਂਕਿ ਆਸਟਰੇਲਿਆਈ ਵਿਕਟਕੀਪਰ ਬੱਲੇਬਾਜ਼ ਐਲੇਕਸ ਕੈਰੀ ਨੂੰ ਦਿੱਲੀ ਕੈਪੀਟਲਜ਼ ਨੇ 2.40 ਕਰੋੜ ਰੁਪਏ ’ਚ ਖ਼ਰੀਦਿਆ। ਭਾਰਤੀ ਵਿਕਟਕੀਪਰ-ਬੱਲੇਬਾਜ਼ ਰੌਬਿਨ ਉਥੱਪਾ ਨੂੰ ਆਈਪੀਐੱਲ ਦੇ ਪਹਿਲੇ ਸੈਸ਼ਨ ਦੇ ਜੇਤੂ ਰਾਜਸਥਾਨ ਰਾਇਲਜ਼ ਨੇ ਤਿੰਨ ਕਰੋੜ ਰੁਪਏ ਵਿੱਚ ਖਰੀਦਿਆ। ਉਹ ਇਸ ਨਿਲਾਮੀ ’ਚ ਡੇਢ ਕਰੋੋੜ ਰੁਪਏ ਮੂਲ ਕੀਮਤ ਨਾਲ ਸ਼ਾਮਲ ਹੋਇਆ ਸੀ। ਭਾਰਤੀ ਤੇਜ਼ ਗੇਂਦਬਾਜ਼ ਜੈਦੇਵ ਉਨਾਦਕਟ ਨੂੰ ਇਸ ਨਿਲਾਮੀ ’ਚ ਕਾਫੀ ਨੁਕਸਾਨ ਹੋਇਆ। 2018 ’ਚ 11.5 ਕਰੋੜ ਤੇ 2019 ’ਚ 8.5 ਕਰੋੜ ਰੁਪਏ ਦੀ ਬੋਲੀ ਪਾਉਣ ਵਾਲੇ ਇਸ ਖਿਡਾਰੀ ਨੂੰ ਇਕ ਵਾਰ ਫਿਰ ਰਾਜਸਥਾਨ ਰਾਇਲਜ਼ ਨੇ ਖਰੀਦਿਆ ਪਰ ਸਿਰਫ਼ ਤਿੰਨ ਕਰੋੜ ਰੁਪਏ ’ਚ। ਭਾਰਤੀ ਟੀਮ ਦੀ ਨੁਮਾਇੰਦਗੀ ਕਰ ਚੁੱਕੇ ਪਿਯੂਸ਼ ਚਾਵਲਾ ਨੂੰ ਚੇਨੱਈ ਸੁਪਰਕਿੰਗਜ਼ ਨੇ 6.75 ਕਰੋੜ ਰੁਪਏ ’ਚ ਖ਼ਰੀਦਿਆ। ਇਸ ਨਿਲਾਮੀ ’ਚ ਭਾਰਤੀ ਟੈਸਟ ਮਾਹਿਰਾਂ ਚੇਤੇਸ਼ਵਰ ਪੁਜਾਰਾ ਤੇ ਹਨੂਮਾ ਵਿਹਾਰੀ ਨੂੰ ਨਿਰਾਸ਼ਾ ਹੱਥ ਲੱਗੀ ਜਿਨ੍ਹਾਂ ਲਈ ਕਿਸੇ ਫਰੈਂਚਾਇਜ਼ੀ ਨੇ ਬੋਲੀ ਨਹੀਂ ਲਗਾਈ।
ਦੱਖਣੀ ਅਫ਼ਰੀਕਾ ਦੇ ਤੇਜ਼ ਗੇਂਦਬਾਜ਼ ਡੇਲ ਸਟੇਨ ਨੂੰ ਕੋਈ ਖ਼ਰੀਦਦਾਰ ਨਹੀਂ ਮਿਲਿਆ। ਸਨਰਾਈਜ਼ਰਜ਼ ਹੈਦਰਾਬਾਦ ਨੇ ਝਾਰਖੰਡ ਦੇ ਬੱਲੇਬਾਜ਼ ਵਿਰਾਟ ਸਿੰਘ ਤੇ ਭਾਰਤੀ ਅੰਡਰ-19 ਟੀਮ ਦੇ ਮੌਜੂਦਾ ਕਪਤਾਨ ਪ੍ਰਿਯਮ ਗਰਗ ਨੂੰ ਬਰਾਬਰ 1.90 ਕਰੋੜ ਰੁਪਏ ’ਚ ਖਰੀਦਿਆ ਜਦੋਂਕਿ ਭਾਰਤੀ ਸਪਿੰਨਰ ਵਰੁਨ ਚਕਰਵਰਤੀ ਨੂੰ ਕੋਲਕਾਤਾ ਨਾਈਟ ਰਾਈਡਰਜ਼ ਨੇ ਚਾਰ ਕਰੋੜ ਰੁਪਏ ’ਚ ਟੀਮ ਨਾਲ ਜੋੜਿਆ। ਭਾਰਤੀ ਅੰਡਰ-19 ਟੀਮ ਦੇ ਬੱਲੇਬਾਜ਼ ਯਸ਼ਸਵੀ ਜਾਯਸਵਾਲ ਨੂੰ ਰਾਜਸਥਾਨ ਰਾਇਲਜ਼ ਨੇ 2.40 ਕਰੋੜ ਰੁਪਏ ’ਚ ਖਰੀਦਿਆ। ਰਾਜਸਥਾਨ ਦੇ ਲੈੱਗ ਸਪਿੰਨਰ ਰਵੀ ਬਿਸ਼ਨੋਈ ਨੂੰ ਕਿੰਗਜ਼ ਇਲੈਵਨ ਨੇ ਚਾਰ ਕਰੋੜ ਰੁਪਏ ’ਚ ਆਪਣੀ ਟੀਮ ਨਾਲ ਜੋੜਿਆ। ਇਸ ਬੋਲੀ ਪ੍ਰਕਿਰਿਆ ’ਚ ਕੁੱਲ 338 ਖਿਡਾਰੀ ਸ਼ਾਮਲ ਹਨ।