ਨਵੀਂ ਦਿੱਲੀ, 14 ਦਸੰਬਰ
ਇੰਡੀਅਨ ਪ੍ਰੀਮੀਅਰ ਲੀਗ ਦੇ ਆਗਾਮੀ ਸੂਤਰ ਲਈ 19 ਦਸੰਬਰ ਨੂੰ ਕੋਲਕਾਤਾ ’ਚ ਹੋਣ ਵਾਲੀ ਨਿਲੀਮ ’ਚ 332 ਖਿਡਾਰੀਆਂ ਦੀ ਕਿਸਮਤ ਦਾ ਫ਼ੈਸਲਾ ਹੋਵੇਗਾ ਜਿਸ ਵਿੱਚ ਆਸਟਰੇਲੀਆ ਦੇ ਗਲੈੱਨ ਮੈਕਸਵੈੱਲ ਤੇ ਦੱਖਣੀ ਅਫਰੀਕਾ ਦੇ ਡੇਲ ਸਟੇਨ ਨੇ ਖ਼ੁਦ ਨੂੰ ਸਭ ਤੋਂ ਵੱਧ ਦੋ ਕਰੋੜ ਰੁਪਏ ਵਰਗ ’ਚ ਰੱਖਿਆ ਹੈ।
ਆਈਪੀਐੱਲ ਵੱਲੋਂ ਜਾਰੀ ਬਿਆਨ ਮੁਤਾਬਕ, ‘‘ਆਈਪੀਐੱਲ ਦੀ ਆਗਾਮੀ ਸੈਸ਼ਨ ਲਈ ਸ਼ੁਰੂਆਤ ’ਚ 997 ਖਿਡਾਰੀਆਂ ਨੇ ਰਜਿਸਟਰੇਸ਼ਨ ਕਰਾਇਆ ਸੀ। ਅੱਠ ਫਰੈਂਚਾਇਜ਼ੀ ਤੋਂ ਮਿਲੀ ਚੋਣਵੇਂ ਖਿਡਾਰੀਆਂ ਦੀ ਸੂਚੀ ਤੋਂ ਬਾਅਦ ਇਸ ਨੂੰ ਛੋਟਾ ਕਰ ਦਿੱਤਾ ਗਿਆ।’’ ਆਸਟਰੇਲੀਆ ਦੇ ਹਰਫ਼ਨਮੌਲਾ ਮਿਸ਼ੇਲ ਮਾਰਸ਼ ਅਤੇ ਸ੍ਰੀਲੰਕਾ ਦੇ ਤਜ਼ਰਬੇਕਾਰ ਐਂਜੇਲੋ ਮੈਥਿਊਜ਼ ਨੇ ਵੀ ਖ਼ੁਦ ਨੂੰ ਦੋ ਕਰੋੜ ਰੁਪਏ ਵਾਲੇ ਖਿਡਾਰੀਆਂ ਦੀ ਸੂਚੀ ’ਚ ਰੱਖਿਆ ਹੈ। ਇਸ ਬੋਲੀ ਵਿੱਚ ਸਿਰਫ਼ 73 ਖਿਡਾਰੀਆਂ ਨੂੰ ਫਰੈਂਚਾਇਜ਼ੀ ਟੀਮਾਂ ਦੇ ਨਾਲ ਜੋੜ ਸਕਦੇ ਹਨ ਜਿਸ ਵਿੱਚ ਸਿਰਫ਼ 29 ਵਿਦੇਸ਼ੀ ਸ਼ਾਮਲ ਹੋਣਗੇ।
ਕੋਲਕਾਤਾ ਨਾਈਟਰਾਈਡਰਜ਼ ਤੋਂ ਰਿਲੀਜ਼ ਕੀਤੇ ਗਏ ਰੌਬਿਨ ਉਥੱਪਾ ਨੇ ਖ਼ੁਦ ਨੂੰ ਡੇਢ ਕਰੋੜ ਰੁਪਏ ਦੀ ਸੂਚੀ ’ਚ ਰੱਖਿਆ ਹੈ। ਉਹ ਇਸ ਸੂਚੀ ਦਾ ਇਕਲੌਤਾ ਭਾਰਤੀ ਖਿਡਾਰੀ ਹੈ।
ਆਸਟਰੇਲੀਆ ਦੇ ਤੇਜ਼ ਗੇਂਦਬਾਜ਼ ਜੋਸ਼ ਹੇਜ਼ਲਵੁੱਡ ਨੇ ਆਈਪੀਐੱਲ ਨਹੀਂ ਖੇਡਿਆ ਹੈ ਪਰ ਉਸ ਨੇ ਅਤੇ ਸਾਥੀ ਖਿਡਾਰੀ ਪੈਟ ਕਮਿਨਜ਼ ਨੇ ਖ਼ੁਦ ਨੂੰ ਸਭ ਤੋਂ ਉੱਚੀ ਕੀਮ (ਦੋ ਕਰੋੜ ਰੁਪਏ) ਵਾਲੇ ਖਿਡਾਰੀਆਂ ਦੀ ਸੂਚੀ ’ਚ ਰੱਖਿਆ ਹੈ। ਕਮਿਨਜ਼ ਨੂੰ ਇਸ ਤੋਂ ਪਹਿਲਾਂ ਕੇਕੇਆਰ, ਦਿੱਲੀ ਕੈਪੀਟਲ ਤੇ ਮੁੰਬਈ ਇੰਡੀਅਨਜ਼ ਦੀ ਨੁਮਾਇੰਦਗੀ ਕਰ ਚੁੱਕੇ ਹਨ। ਮੈਕਸਵੈੱਲ ਨੇ ਹਾਲ ਹੀ ਵਿੱਚ ਮਾਨਸਿਕ ਸਿਹਤ ਤੋਂ ਨਿਪਟਣ ਲਈ ਬਰੇਕ ਲਿਆ ਸੀ। ਉਹ ਆਸਟਰੇਲੀਆ ਦੇ ਸੀਮਿਤ ਓਵਰਾਂ ਦੇ ਰੂਪ ਦੇ ਕਪਤਾਨ ਫਿੰਚ ਦੇ ਨਾਲ ਪਿਛਲੇ ਸੈਸ਼ਨ ਤੋਂ ਬਾਹਰ ਹੋਣ ਤੋਂ ਬਾਅਦ ਨਿਲਾਮੀ ਪੂਲ ’ਚ ਵਾਪਸ ਆ ਗਿਆ ਹੈ। ਫਿੰਚ ਇਕ ਕਰੋੜ ਰੁਪਏ ਦੇ ਖਿਡਾਰੀਆਂ ਦੀ ਸੂਚੀ ’ਚ ਹੈ।
ਕੇਕੇਆਰ ਤੋਂ ਰਿਲੀਜ਼ ਕੀਤੇ ਗਏ ਆਸਟਰੇਲੀਆ ਦੇ ਕ੍ਰਿਸ ਲਿਨ ਨੂੰ ਇਸ ਬੋਲੀ ’ਚ ਚੰਗੀ ਕੀਮਤ ਮਿਲਣ ਦੀ ਆਸ ਹੋਵੇਗੀ। ਉਥੱਪਾ ਤੋਂ ਇਲਾਵਾ ਜਿਨ੍ਹਾਂ ਭਾਰਤੀ ਖਿਡਾਰੀਆਂ ’ਤੇ ਫਰੈਂਚਾਇਜ਼ੀਜ਼ ਦੀਆਂ ਨਜ਼ਰਾਂ ਹੋਣਗੀਆਂ ਉਨ੍ਹਾਂ ’ਚ ਪਿਯੂਸ਼ ਚਾਵਲਾ (ਕੇਕੇਆਰ), ਯੁਸੂਫ ਪਠਾਨ (ਸਨਰਾਈਜ਼ਰਜ਼ ਹੈਦਰਾਬਾਦ) ਅਤੇ ਜਯਦੇਵ ਉਨਾਦਕਟ (ਰਾਜਸਥਾਨ ਰਾਇਲਜ਼) ਸ਼ਾਮਲ ਹਨ।
ਇਹ ਸਾਰੇ ਖਿਡਾਰੀ ਇਕ ਕਰੋੜ ਰੁਪਏ ਦੀ ਸੂਚੀ ’ਚ ਸ਼ਾਮਲ ਹਨ। ਨਿਲਾਮੀ ’ਚ 186 ਭਾਰਤੀ ਖਿਡਾਰੀ ਜਦੋਂਕਿ 143 ਵਿਦੇਸ਼ੀ ਅਤੇ ਐਸੋਸੀਏਟ ਦੇਸ਼ਾਂ ਦੇ ਤਿੰਨ ਖਿਡਾਰੀ ਸ਼ਾਮਲ ਹਨ। ਸਭ ਤੋਂ ਵੱਧ ਕੀਮਤ ਵਾਲੇ ਦੋ ਕਰੋੜ ਦੇ ਬਰੈਕੇਟ ’ਚ ਸੱਤ ਖਿਡਾਰੀ ਹਨ ਜਦੋਂਕਿ ਡੇਢ ਕਰੋੜ ਦੇ ਬਰੈਕੇਟ ’ਚ 10 ਅਤੇ ਇਕ ਕਰੋੜ ਰੁਪਏ ਦੇ ਬਰੈਕੇਟ ’ਚ 23 ਖਿਡਾਰੀ ਹਨ। ਅਨਕੈਪਡ ਖਿਡਾਰੀਆਂ ਦੀ ਸੂਚੀ ’ਚ 183 ਖਿਡਾਰੀ 20 ਲੱਖ, ਸੱਤ ਖਿਡਾਰੀ 40 ਲੱਖ ਤੇ ਅੱਠ ਖਿਡਾਰੀ 30 ਲੱਖ ਰੁਪਏ ਵਾਲੀ ਸੂਚੀ ’ਚ ਸ਼ਾਮਲ ਹਨ।