ਚੇਨੱਈ, 21 ਅਪਰੈਲ

ਇੰਡੀਅਨ ਪ੍ਰੀਮੀਅਰ ਲੀਗ ਦੇ 13ਵੇਂ ਲੀਗ ਮੈਚ ਵਿੱਚ ਦਿੱਲੀ ਕੈਪੀਟਲਜ਼ ਦੀ ਟੀਮ ਨੇੇ ਮੁੰਬਈ ਇੰਡੀਅਨਜ਼ ਨੂੰ 6 ਵਿਕਟਾਂ ਨਾਲ ਹਰਾ ਦਿੱਤਾ। ਦਿੱਲੀ ਕੈਪੀਟਲਜ਼ ਦੀ ਟੀਮ ਨੇ ਮਿਲਿਆ 138 ਦੌੜਾਂ ਟੀਚਾ 19.1 ਓਵਰਾਂ ਵਿੱਚ ਹੀ ਸਿਰਫ਼ 4 ਵਿਕਟਾਂ ਗੁਆ ਕੇ ਹਾਸਲ ਕਰ ਲਿਆ। ਟੀਚਾ ਦਾ ਪਿੱਛਾ ਕਰਦਿਆਂ ਦਿੱਲੀ ਦੀ ਟੀਮ ਵੱਲੋਂ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਨੇ 45 ਦੌੜਾਂ, ਸਟੀਵਨ ਸਮਿਥ ਨੇ 33 ਦੌੜਾਂ ਬਣਾਈਆਂ। ਲਲਿਤ ਯਾਦਵ ਨੇ 22 ਦੌੜਾਂ ਅਤੇ ਸ਼ਿਮਰੋਨ ਹੇਟਮਾਇਰ ਨੇ 14 ਦੌੜਾਂ ਬਣਾਉਂਦਿਆਂ ਟੀਮ ਨੂੰ ਜਿੱਤ ਦੇ ਟੀਚੇ 138 ਦੌੜਾਂ ਤੱਕ ਪਹੁੰਚਾਇਆ। ਲਲਿਤ ਤੇ ਸ਼ਿਮਰੋਨ ਦੋਵੇਂ ਜਣੇ ਨਾਬਾਦ ਰਹੇ। ਮੁੰਬਈ ਇੰਡੀਅਨਜ਼ ਵੱਲੋਂ ਜੈਅੰਤ ਯਾਦਵ ਜਸਪ੍ਰੀਤ ਬੁਮਰਾਹ, ਰਾਹੁਲ ਚਹਾਰ ਅਤੇ ਕੀਰੋਨ ਪੋਲਾਰਡ ਨੇ ਇੱਕ-ਇੱਕ ਵਿਕਟ ਹਾਸਲ ਕੀਤੀ। ਇਸ ਤੋਂ ਪਹਿਲਾਂ ਚੇਨੱਈ ਦੇ ਐੱਮ.ਏ. ਚਿਦੰਬਰਮ ਸਟੇਡੀਅਮ ’ਤੇ ਟਾਸ ਜਿੱਤ ਕੇ ਮੁੰਬਈ ਇੰਡੀਅਨਜ਼ ਦੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲਬਾਜ਼ੀ ਕਰਦਿਆਂ ਨਿਰਧਾਰਿਤ 20 ਓਵਰਾਂ ’ਚ 9 ਵਿਕਟਾਂ ਗੁਆ 137 ਦੌੜਾਂ ਬਣਾਈਆਂ ਸਨ। ਟੀਮ ਵੱਲੋਂ ਕਪਤਾਨ ਰੋਹਿਤ ਸ਼ਰਮਾ ਨੇ 44, ਸੂਰਿਆਕੁਮਾਰ ਯਾਦਵ ਨੇ 24, ਇਸ਼ਾਨ ਕਿਸ਼ਨ ਨੇ 26 ਤੇ ਜੈਅੰਤ ਕੁਮਾਰ ਨੇ 23 ਦੌੜਾਂ ਬਣਾਈਆਂ ਜਦਕਿ ਬਾਕੀ ਬੱਲੇਬਾਜ਼ ਕੁਝ ਖਾਸ ਪ੍ਰਦਰਸ਼ਨ ਨਾ ਕਰ ਸਕੇ। ਦਿੱਲੀ ਕੈਪੀਟਲਜ਼ ਵੱਲੋਂ ਏ. ਮਿਸ਼ਰਾ ਨੇ 4 ਅਤੇ ਆਵੇਸ਼ ਖ਼ਾਨ 2 ਵਿਕਟਾਂ ਲਈਆਂ ਜਦਕਿ ਸਟੋਇਨਸ, ਕੈਗਿਸੋ ਰਬਾਡਾ ਅਤੇ ਲਲਿਤ ਯਾਦਵ ਨੂੰ ਇੱਕ-ਇੱਕ ਵਿਕਟ ਮਿਲੀ।