ਐੱਸ.ਏ.ਐੱਸ. ਨਗਰ(ਮੁਹਾਲੀ), 3 ਮਈ

ਪੰਜਾਬ ਕਿੰਗਜ਼ ਟੀਮ ਘਰੇਲੂ ਮੈਦਾਨ ’ਤੇ ਹਾਰਾਂ ਦਾ ਸਿਲਸਿਲਾ ਤੋੜਨ ਲਈ ਭਲਕੇ ਬੁੱਧਵਾਰ ਨੂੰ ਇੱਥੇ ਇੰਡੀਅਨ ਪ੍ਰੀਮੀਅਮ ਲੀਗ (ਆਈਪੀਐੱਲ) ਮੈਚ ਵਿੱਚ ਮੁੰਬਈ ਇੰਡੀਅਨਜ਼ ਖ਼ਿਲਾਫ਼ ਜਿੱਤ ਦੇ ਇਰਾਦੇ ਨਾਲ ਉਤਰੇਗੀ। ਮੌਜੂਦਾ ਆਈਪੀਐੱਲ ਸੀਜ਼ਨ ਦਾ ਮੁਹਾਲੀ ਦੇ ਪੀਸੀਏ ਸਟੇਡੀਅਮ ਵਿੱਚ ਖੇਡਿਆ ਜਾਣ ਵਾਲਾ ਇਹ ਆਖ਼ਰੀ ਮੈਚ ਹੈ। ਮੁਕਾਬਲਾ ਸ਼ਾਮ ਸਾਢੇ ਸੱਤ ਵਜੇ ਸ਼ੁਰੂ ਹੋਵੇਗਾ। ਮੈਚ ਕਾਰਨ ਦਰਸ਼ਕਾਂ ਵਿੱਚ ਭਾਰੀ ਉਤਸ਼ਾਹ ਹੈ। ਤੀਹ ਹਜ਼ਾਰ ਦੀ ਸਮਰੱਥਾ ਵਾਲੇ ਸਟੇਡੀਅਮ ਦੀਆਂ ਲਗਪਗ ਸਾਰੀਆਂ ਟਿਕਟਾਂ ਵਿਕ ਚੁੱਕੀਆਂ ਹਨ। ਮੁੱਖ ਮੰਤਰੀ ਭਗਵੰਤ ਮਾਨ ਦੇ ਵੀ ਆਖ਼ਰੀ ਮੁਕਾਬਲਾ ਵੇਖਣ ਲਈ ਮੁਹਾਲੀ ਪਹੁੰਚਣ ਦੀ ਸੰਭਾਵਨਾ ਹੈ।

ਸੋਮਵਾਰ ਨੂੰ ਮੁਹਾਲੀ ਪਹੁੰਚੀਆਂ ਦੋਵਾਂ ਟੀਮਾਂ ਦੇ ਖਿਡਾਰੀਆਂ ਨੇ ਅੱਜ ਸਟੇਡੀਅਮ ਵਿੱਚ ਅਭਿਆਸ ਕੀਤਾ ਅਤੇ ਅਗਲੀ ਰਣਨੀਤੀ ਵੀ ਘੜੀ। ਹਾਲਾਂਕਿ ਦੋ ਦਿਨ ਤੋਂ ਵਿਗੜਿਆ ਮੌਸਮ ਦਾ ਮਿਜਾਜ਼ ਸਾਰੀ ਖੇਡ ਵਿਗਾੜ ਸਕਦਾ ਹੈ। ਉਧਰ, ਮੁਹਾਲੀ ਵਿੱਚ ਸੁਰੱਖਿਆ ਪ੍ਰਬੰਧ ਸਖ਼ਤ ਕੀਤੇ ਗਏ ਹਨ। ਪੀਸੀਏ ਸਟੇਡੀਅਮ ਦੇ ਆਲੇ-ਦੁਆਲੇ ਦੇ ਖੇਤਰ ਵਿੱਚ ਵੱਡੀ ਪੱਧਰ ’ਤੇ ਪੁਲੀਸ ਬਲ ਤਾਇਨਾਤ ਹੈ।

ਪੰਜਾਬ ਕਿੰਗਜ਼ ਇਸ ਸੀਜ਼ਨ ਦੌਰਾਨ ਮੁੰਬਈ ਇੰਡੀਅਨਜ਼ ਨੂੰ ਪਹਿਲਾਂ ਵੀ ਹਰਾ ਚੁੱਕੀ ਹੈ। ਮੇਜ਼ਬਾਨ ਨੂੰ ਇੱਥੇ ਖੇਡੇ ਚਾਰ ਮੈਚਾਂ ਵਿੱਚੋਂ ਤਿੰਨ ਵਿੱਚ ਹਾਰ ਝੱਲਣੀ ਪਈ ਹੈ। ਪੰਜਾਬ ਕਿੰਗਜ਼ ਦਸ ਅੰਕਾਂ ਨਾਲ ਅੰਕ ਸੂਚੀ ਵਿੱਚ ਛੇਵੇਂ ਸਥਾਨ ’ਤੇ ਹੈ। ਉਸ ਨੇ ਕੁੱਲ ਨੌਂ ਮੈਚੇ ਖੇਡੇ ਹਨ, ਜਿਨ੍ਹਾਂ ਵਿੱਚੋਂ ਪੰਜ ਜਿੱਤੇ ਤੇ ਚਾਰ ਹਾਰੇ ਹਨ। ਉਧਰ, ਮੁੰਬਈ ਇੰਡੀਅਨਜ਼ ਅੱਠ ਅੰਕਾਂ ਨਾਲ ਸੱਤਵੇਂ ਸਥਾਨ ’ਤੇ ਹੈ। ਉਸ ਨੇ ਅੱਠ ਮੈਚ ਖੇਡੇ ਹਨ। ਇਨ੍ਹਾਂ ਵਿੱਚ ਚਾਰ ਜਿੱਤੇ ਹਨ ਤੇ ਏਨੇ ਹੀ ਹਾਰੇ ਹਨ।