ਹੈਦਰਾਬਾਦ, 13 ਮਈ

ਮੁੰਬਈ ਇੰਡੀਅਨਜ਼ ਅੱਜ ਇੱਥੇ ਰੋਮਾਂਚਕ ਫਾਈਨਲ ਮੈਚ ਵਿੱਚ ਚੇਨੱਈ ਸੁਪਰਕਿੰਗਜ਼ ਨੂੰ ਇੱਕ ਦੌੜ ਨਾਲ ਹਰਾ ਕੇ ਚੌਥੀ ਵਾਰ ਆਈਪੀਐਲ ਚੈਂਪੀਅਨ ਬਣ ਗਿਆ। ਚੇਨੱਈ ਦੇ ਸਾਹਮਣੇ 150 ਦੌੜਾਂ ਦਾ ਟੀਚਾ ਸੀ, ਪਰ ਉਸ ਦੀ ਟੀਮ ਸ਼ੇਨ ਵਾਟਸਨ ਦੇ 59 ਗੇਂਦਾਂ ’ਤੇ 80 ਦੌੜਾਂ ਦੇ ਬਾਵਜੂਦ ਸੱਤ ਵਿਕਟਾਂ ’ਤੇ 148 ਦੌੜਾਂ ਹੀ ਬਣਾ ਸਕੀ। ਚੇਨੱਈ ਨੂੰ ਆਖ਼ਰੀ ਓਵਰ ਵਿੱਚ ਨੌਂ ਦੌੜਾਂ ਚਾਹੀਦੀਆਂ ਸਨ, ਪਰ ਇਸ ਵਿੱਚ ਉਸ ਨੇ ਵਾਟਸਨ ਦੀ ਵਿਕਟ ਗੁਆ ਲਈ। ਮੈਚ ਦੀ ਸਮਾਪਤੀ ਮੌਕੇ ਆਖ਼ਰੀ ਗੇਂਦ ਵਿੱਚ ਦੋ ਦੌੜਾਂ ਦੀ ਲੋੜ ਸੀ, ਪਰ ਮਲਿੰਗਾ ਨੇ ਯਾਰਕਰ ’ਤੇ ਸ਼ਰਦੁਲ ਨੂੰ ਐਲਬੀਡਬਲਯੂ ਆਊਟ ਕਰ ਦਿੱਤਾ। ਜਸਪ੍ਰੀਤ ਬੁਮਰਾਹ ਨੂੰ ‘ਮੈਨ ਆਫ ਦਿ ਮੈਚ’ ਐਲਾਨਿਆ ਗਿਆ, ਜਿਸ ਨੇ 24 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ।
ਪਹਿਲਾਂ ਬੱਲੇਬਾਜ਼ੀ ਲਈ ਉਤਰੀ ਮੁੰਬਈ ਇੰਡੀਅਨਜ਼ ਅੱਠ ਵਿਕਟਾਂ ’ਤੇ 149 ਦੌੜਾਂ ਹੀ ਬਣਾ ਸਕੀ। ਕੀਰੋਨ ਪੋਲਾਰਡ (25 ਗੇਂਦਾਂ ’ਤੇ ਨਾਬਾਦ 41 ਦੌੜਾਂ) ਨੇ ਮੁੰਬਈ ਵੱਲੋਂ ਸਭ ਤੋਂ ਵੱਧ ਦੌੜਾਂ ਬਣਾਈਆਂ, ਜਦੋਂਕਿ ਕਵਿੰਟਨ ਡੀਕਾਕ ਨੇ 29 ਦੌੜਾਂ ਦਾ ਯੋਗਦਾਨ ਪਾਇਆ। ਚੇਨੱਈ ਦੇ ਦੀਪਕ ਚਾਹੜ ਨੇ 26 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ, ਜਦਕਿ ਇਮਰਾਨ ਤਾਹਿਰ (23 ਦੌੜਾਂ ਦੇ ਕੇ ਦੋ) ਅਤੇ ਸ਼ਰਦੁਲ ਠਾਕੁਰ (37 ਦੌੜਾਂ ਦੇ ਕੇ ਦੋ) ਨੇ ਵੀ ਚੰਗੀ ਗੇਂਦਬਾਜ਼ੀ ਕੀਤੀ। ਚਾਹੜ ਦੀ ਇਸ ਲਈ ਵੀ ਤਾਰੀਫ਼ ਕਰਨੀ ਹੋਵੇਗੀ ਕਿਉਂਕਿ ਡੀਕਾਕ ਨੇ ਉਸ ਦੇ ਦੂਜੇ ਓਵਰ ਵਿੱਚ ਤਿੰਨ ਛੱਕਿਆਂ ਦੀ ਮਦਦ ਨਾਲ 20 ਦੌੜਾਂ ਲਈਆਂ, ਪਰ ਇਸ ਤੇਜ਼ ਗੇਂਦਬਾਜ਼ ਨੇ ਬਾਕੀ ਤਿੰਨ ਓਵਰਾਂ ਵਿੱਚ ਸਿਰਫ਼ ਛੇ ਦੌੜਾਂ ਦਿੱਤੀਆਂ।
ਮੁੰਬਈ ਅਤੇ ਚੇਨੱਈ ਵਿਚਾਲੇ ਇਸ ਤੋਂ ਪਹਿਲਾਂ ਖੇਡੇ ਗਏ ਤਿੰਨ ਫਾਈਨਲ ਵਿੱਚ ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਟੀਮ ਜੇਤੂ ਰਹੀ ਅਤੇ ਰੋਹਿਤ ਸ਼ਰਮਾ ਨੇ ਵੀ ਟਾਸ ਜਿੱਤ ਕੇ ਜਦੋਂ ਪਹਿਲਾਂ ਬੱਲੇਬਾਜ਼ੀ ਦਾ ਫ਼ੈਸਲਾ ਕੀਤਾ ਤਾਂ ਕਿਸੇ ਨੂੰ ਹੈਰਾਨੀ ਨਹੀਂ ਹੋਈ, ਪਰ ਪਾਵਰਪਲੇਅ ਵਿੱਚ ਮੁੰਬਈ ਦੇ ਦੋਵੇਂ ਸਲਾਮੀ ਬੱਲੇਬਾਜ਼ ਆਊਟ ਹੋ ਗਏ। ਸ਼ਰਦੁਲ ਨੇ ਡੀਕਾਕ ਨੂੰ ਵਿਕਟਕੀਪਰ ਮਹਿੰਦਰ ਸਿੰਘ ਧੋਨੀ ਨੇ ਕੈਚ ਕੀਤਾ।
ਧੋਨੀ ਆਈਪੀਐਲ ਦਾ ਸਰਵੋਤਮ ਵਿਕਟਕੀਪਰ ਬਣਿਆ
ਚੇਨੱਈ ਸੁਪਰਕਿੰਗਜ਼ ਦਾ ਕਪਤਾਨ ਮਹਿੰਦਰ ਸਿੰਘ ਧੋਨੀ ਅੱਜ ਆਈਪੀਐਲ ਦੇ ਇਤਿਹਾਸ ਵਿੱਚ ਸਭ ਤੋਂ ਸਫਲ ਵਿਕਟਕੀਪਰ ਬਣ ਗਿਆ। ਧੋਨੀ ਦੀਆਂ ਆਈਪੀਐਲ ਵਿੱਚ ਕੁੱਲ ਵਿਕਟਾਂ ਦੀ ਗਿਣਤੀ 132 ’ਤੇ ਪਹੁੰਚ ਗਈ ਅਤੇ ਇਸ ਤਰ੍ਹਾਂ ਉਸ ਨੇ ਦਿਨੇਸ਼ ਕਾਰਤਿਕ ਨੂੰ ਪਛਾੜ ਦਿੱਤਾ। ਧੋਨੀ ਨੇ ਮੁੰਬਈ ਇੰਡੀਅਨਜ਼ ਖ਼ਿਲਾਫ਼ ਫਾਈਨਲ ਵਿੱਚ ਦੋ ਕੈਚ ਲਏ। ਉਸ ਦੇ ਨਾਮ ਹੁਣ 94 ਕੈਚ ਅਤੇ 38 ਸਟੰਪ ਆਊਟ ਸ਼ਾਮਲ ਹਨ। ਕਾਰਤਿਕ ਦੇ ਨਾਮ 131 ਸ਼ਿਕਾਰ ਦਰਜ ਹਨ, ਜਦਕਿ ਰੌਬਿਨ ਉਥੱਪਾ ਨੇ 90 ਸ਼ਿਕਾਰ ਕੀਤੇ ਹਨ। ਧੋਨੀ ਨੇ ਦੀਪਕ ਚਾਹੜ ਦੀ ਗੇਂਦ ’ਤੇ ਰੋਹਿਤ ਸ਼ਰਮਾ ਦਾ ਕੈਚ ਲੈ ਕੇ ਇਹ ਉਪਲਬਧੀ ਹਾਸਲ ਕੀਤੀ। ਇਸ ਤੋਂ ਪਹਿਲਾਂ ਸ਼ਰਦੁਲ ਠਾਕੁਰ ਦੀ ਗੇਂਦ ’ਤੇ ਕਵਿੰਟਨ ਡੀਕਾਕ ਦਾ ਕੈਚ ਲਿਆ ਸੀ।