ਬੀਜਿੰਗ, 26 ਅਪਰੈਲ
ਭਾਰਤ ਨੇ ਦਸ ਮੀਟਰ ਏਅਰ ਰਾਈਫਲ ਮਿਕਸਡ ਟੀਮ ਅਤੇ ਦਸ ਮੀਟਰ ਏਅਰ ਪਿਸਟਲ ਮਿਕਸਡ ਟੀਮ ਮੁਕਾਬਲੇ ਵਿੱਚ ਸੋਨ ਤਗ਼ਮਾ ਜਿੱਤ ਕੇ ਆਈਐੱਸਐੱਸਐੱਫ ਨਿਸ਼ਾਨੇਬਾਜ਼ੀ ਵਿਸ਼ਵ ਕੱਪ ਦੇ ਤੀਜੇ ਦਿਨ ਅੱਜ ਇੱਥੇ ਆਪਣਾ ਖਾਤਾ ਖੋਲ੍ਹਿਆ।
ਨੌਜਵਾਨ ਨਿਸ਼ਾਨੇਬਾਜ਼ ਮਨੂੰ ਭਾਕਰ ਤੇ ਸੌਰਭ ਚੌਧਰੀ ਦੀ ਜੋੜੀ ਨੇ ਦਸ ਮੀਟਰ ਏਅਰ ਪਿਸਟਲ ਮਿਕਸਡ ਮੁਕਾਬਲੇ ਵਿੱਚ ਸਿਖ਼ਰਲਾ ਸਥਾਨ ਹਾਸਲ ਕੀਤਾ ਜਦੋਂਕਿ ਅੰਜੁਮ ਮੋਦਗਿੱਲ ਤੇ ਦਿਵਿਆਂਸ਼ ਸਿੰਘ ਪੰਵਾਰ ਦਸ ਮੀਟਰ ਏਅਰ ਰਾਈਫਲ ਮਿਕਸਡ ਟੀਮ ਮੁਕਾਬਲੇ ’ਚ ਸਿਖ਼ਰ ’ਤੇ ਰਹੇ। ਭਾਕਰ ਤੇ ਚੌਧਰੀ ਨੇ ਫਾਈਨਲ ’ਚ ਚੀਨੇ ਦੇ ਜਿਆਂਗ ਰੈਕਸਿਨ ਅਤੇ ਪੌਂਗ ਵੇਈ ਨੂੰ 16-6 ਨਾਲ ਹਰਾਇਆ। ਇਸ ਵਾਰ ਇਹ ਮੁਕਾਬਲਾ ਨਵੇਂ ਰੂਪ ’ਚ ਖੇਡਿਆ ਜਿਸ ਵਿੱਚ ਸਿਖ਼ਰਲੀਆਂ ਦੋ ਟੀਮਾਂ ਸੋਨ ਤਗ਼ਮੇ ਲਈ ਖੇਡਦੀਆਂ ਹਨ।
ਭਾਰਤੀ ਜੋੜੀ ਨੇ 482 ਅੰਕਾਂ ਨਾਲ ਪੰਜਵੇਂ ਸਥਾਨ ’ਤੇ ਰਹਿ ਕੇ ਫਾਈਨਲਜ਼ ਲਈ ਕੁਆਲੀਫਾਈ ਕੀਤਾ ਸੀ। ਉਨ੍ਹਾਂ ਨੇ ਪਹਿਲੀ ਛੇ ਸੀਰੀਜ਼ ’ਚ ਜਿੱਤ ਦਰਜ ਕੀਤੀ ਅਤੇ ਫਿਰ ਸੋਨ ਤਗ਼ਮੇ ਦੇ ਮੁਕਾਬਲੇ ਵਿੱਚ ਆਪਣਾ ਦਬਾਅ ਬਣਾਈ ਰੱਖਿਆ। ਭਾਕਰ ਤੇ ਚੌਧਰੀ ਦਾ ਇਹ ਦਸ ਮੀਟਰ ਏਅਰ ਪਿਸਟਲ ਮਿਕਸਡ ਟੀਮ ਮੁਕਾਬਲੇ ’ਚ ਦੂਜਾ ਸੋਨ ਤਗ਼ਮਾ ਹੈ। ਇਨ੍ਹਾਂ ਦੋਹਾਂ ਨੇ ਨਵੀਂ ਦਿੱਲੀ ਵਿੱਚ ਫਰਵਰੀ ’ਚ ਆਈਐੱਸਐੱਸਐੱਫ ਵਿਸ਼ਵ ਕੱਪ ’ਚ ਵੀ ਸੋਨੇ ਦਾ ਤਗ਼ਮਾ ਜਿੱਤਿਆ ਸੀ। ਭਾਕਰ ਬੁੱਧਵਾਰ ਨੂੰ ਮਹਿਲਾਵਾਂ ਦੇ ਦਸ ਮੀਟਰ ਏਅਰ ਪਿਸਟਲ ਮੁਕਾਬਲੇ ਲਈ ਕੁਆਲੀਫਾਈ ਕਰਨ ’ਚ ਅਸਫ਼ਲ ਰਹੀ ਸੀ।
ਦਸ ਮੀਟਰ ਏਅਰ ਪਿਸਟਲ ਮਿਕਸਡ ਟੀਮ ਵਿੱਚ ਹਿਨਾ ਸਿੱਧੂ ਤੇ ਰਿਜਵੀ ਸ਼ਹਿਜ਼ਾਰ ਦੀ ਦੂਜੀ ਭਾਰਤੀ ਜੋੜੀ ਕੁਆਲੀਫਿਕੇਸ਼ਨ ’ਚ 479 ਅੰਕ ਬਣਾ ਕੇ 12ਵੇਂ ਸਥਾਨ ’ਤੇ ਰਹੀ ਅਤੇ ਫਾਈਨਲ ’ਚ ਜਗ੍ਹਾ ਨਹੀਂ ਬਣਾ ਸਕੀ। ਇਸ ਤੋਂ ਪਹਿਲਾਂ ਮੋਦਗਿੱਲ ਤੇ ਪੰਵਾਰ ਨੇ ਦਸ ਮੀਟਰ ਏਅਰ ਰਾਈਫਲ ਮਿਕਸਡ ਟੀਮ ਮੁਕਾਬਲੇ ’ਚ ਲਿਊ ਰੁਕਸੂਆਨ ਤੇ ਯਾਂਗ ਹਾਓਰਨ ਦੀ ਚੀਨੀ ਜੋੜੀ ਨੂੰ ਸਖ਼ਤ ਮੁਕਾਬਲੇ ’ਚ 17-15 ਨਾਲ ਹਰਾ ਕੇ ਸੋਨ ਤਗ਼ਮਾ ਜਿੱਤਿਆ। ਮੋਦਗਿੱਲ ਤੇ ਪੰਵਾਰ ਨੇ 522.7 ਅੰਕਾਂ ਨਾਲ ਛੇਵੇਂ ਸਥਾਨ ’ਤੇ ਰਹਿ ਕੇ ਫਾਈਨਲਜ਼ ’ਚ ਜਗ੍ਹਾ ਬਣਾਈ ਸੀ। ਸੋਨ ਤਗ਼ਮੇ ਦੇ ਮੁਕਾਬਲੇ ’ਚ ਇਕ ਸਮੇਂ ਉਹ 11-13 ਨਾਲ ਪਿੱਛੇ ਚੱਲ ਰਹੇ ਸਨ ਪਰ ਉਨ੍ਹਾਂ ਨੇ ਵਾਪਸੀ ਕਰ ਕੇ ਸੋਨੇ ਦਾ ਤਗ਼ਮਾ ਜਿੱਤਿਆ। ਅਪੂਰਵੀ ਚੰਦੇਲਾ ਤੇ ਦੀਪਕ ਕੁਮਾਰ ਦੀ ਇਕ ਹੋਰ ਭਾਰਤੀ ਜੋੜੀ ਕੁਆਲੀਫਾਇੰਗ ’ਚ 522.8 ਅੰਕਾਂ ਨਾਲ ਪੰਜਵੇਂ ਸਥਾਨ ’ਤੇ ਰਹੀ ਸੀ ਪਰ ਫਾਈਨਲਜ਼ ’ਚ ਉਹ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੇ।