ਲਾਹੌਰ, 13 ਜੂਨ
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨੇ ਉਮੀਦ ਜ਼ਾਹਿਰ ਕੀਤੀ ਹੈ ਕਿ ਉਨ੍ਹਾਂ ਦਾ ਮੁਲਕ ਰੁਕਿਆ ਹੋਇਆ ਰਾਹਤ ਪੈਕੇਜ ਹਾਸਲ ਕਰਨ ਲਈ ਆਈਐੱਮਐੱਫ ਦੇ ਨਾਲ ਇੱਕ ਮੁਲਾਜ਼ਮ-ਪੱਧਰੀ ਸਮਝੌਤੇ ’ਤੇ ਦਸਤਖਤ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਨੇ ਆਲਮੀ ਕਰਜ਼ਦਾਤਾ ਨਾਲ ਸਮਝੌਤੇ ਦੀਆਂ ਸਾਰੀਆਂ ਸ਼ਰਤਾਂ ਪੂਰੀਆਂ ਕਰ ਲਈਆਂ ਹਨ।

ਸ਼ਰੀਫ ਦੀ ਟਿੱਪਣੀ ਅਜਿਹੇ ਸਮੇਂ ਆਈ ਹੈ ਜਦੋਂ ਕਈ ਲੋਕਾਂ ਦਾ ਮੰਨਣਾ ਹੈ ਕਿ 6.5 ਅਰਬ ਡਾਲਰ ਦੇ ਆਈਐੱਮਐੱਫ ਦੇ ਮੌਜੂਦਾ ਰਾਹਤ ਪ੍ਰੋਗਰਾਮ ਨੂੰ ਬਹਾਲ ਕਰਨ ਦੀ ਸੰਭਾਵਨਾ ਬਹੁਤ ਘੱੱਟ ਰਹਿ ਗਈ ਹੈ। ਇਹ ਸਮਝੌਤਾ 30 ਜੂਨ ਨੂੰ ਖਤਮ ਹੋ ਰਿਹਾ ਹੈ। ਕੌਮਾਂਤਰੀ ਮੁਦਰਾ ਕੋਸ਼ (ਆਈਐੱਮਐੱਫ) ਨੇ 6.5 ਅਰਬ ਡਾਲਰ ਦੇ ਪੈਕੇਜ ’ਚੋਂ 2.6 ਅਰਬ ਡਾਲਰ ਦਾ ਭੁਗਤਾਨ ਅਜੇ ਤੱਕ ਨਹੀਂ ਕੀਤਾ ਹੈ। ਸ਼ਹਿਬਾਜ਼ ਨੇ ਬੀਤੇ ਦਿਨ ਇੱਥੇ ਇੱਕ ਸਮਾਗਮ ’ਚ ਕਿਹਾ ਸੀ ਕਿ ਉਸ ਨੂੰ ਅਜੇ ਵੀ ਆਲਮੀ ਕਰਜ਼ਦਾਤਾ ਨਾਲ ਸਮਝੌਤਾ ਸਿਰੇ ਚੜ੍ਹਨ ਦੀ ਉਮੀਦ ਹੈ।

ਉਨ੍ਹਾਂ ਸਰਕਾਰ ਦੀ ਯੋਜਨਾ ਦਾ ਜ਼ਿਕਰ ਕਰਦਿਆਂ ਕਿਹਾ, ‘ਜੇਕਰ ਆਈਐੱਮਐੱਫ ਨਾਲ ਸਮਝੌਤੇ ’ਚ ਹੋਰ ਦੇਰੀ ਹੁੰਦੀ ਹੈ ਤਾਂ ਮੈਂ ਤੁਹਾਨੂੰ ਇਸ ਬਾਰੇ ਦੱਸਾਂਗਾ।’ ਜ਼ਿਕਰਯੋਗ ਹੈ ਕਿ ਆਈਐੱਮਐੱਫ ਨੇ ਕੁਝ ਸ਼ਰਤਾਂ ਪੂਰੀਆਂ ਕਰਨ ’ਤੇ ਪਾਕਿਸਤਾਨ ਨੂੰ ਛੇ ਅਰਬ ਡਾਲਰ ਦਾ ਕਰਜ਼ਾ ਦੇਣ ਲਈ 2019 ’ਚ ਇੱਕ ਸਮਝੌਤੇ ’ਤੇ ਦਸਤਖਤ ਕੀਤੇ ਸੀ। ਸ਼ਰੀਫ ਨੇ ਕਿਹਾ, ‘ਪਾਕਿਸਤਾਨ ਨੇ ਸਾਰੀਆਂ ਸ਼ਰਤਾਂ ਪੂਰੀਆਂ ਕੀਤੀਆਂ ਹਨ ਤੇ ਉਮੀਦ ਹੈ ਕਿ ਆਈਐੱਮਐੱਫ ਨਾਲ ਸਮਝੌਤੇ ’ਤੇ ਇਸੇ ਮਹੀਨੇ ਦਸਤਖਤ ਹੋ ਜਾਣਗੇ।’