ਵਾਸ਼ਿੰਗਟਨ:ਕੌਮਾਂਤਰੀ ਮੁਦਰਾ ਫੰਡ (ਆਈਐੱਮਐੱਫ) ਅਨੁਸਾਰ ਉਸ ਦੀ ਮੁੱਖ ਅਰਥਸ਼ਾਸਤਰੀ ਗੀਤਾ ਗੋਪੀਨਾਥ ਅਗਲੇ ਸਾਲ ਜਨਵਰੀ ਮਹੀਨੇ ਵਿਚ ਆਪਣੀ ਨੌਕਰੀ ਛੱਡ ਦੇਵੇਗੀ ਅਤੇ ਵੱਕਾਰੀ ਹਾਰਵਰਡ ਯੂਨੀਵਰਸਿਟੀ ਵਿਚ ਪਰਤ ਜਾਵੇਗੀ। 49 ਸਾਲਾ ਉੱਘੀ ਭਾਰਤੀ-ਅਮਰੀਕੀ ਅਰਥਸ਼ਾਸਤਰੀ ਜਨਵਰੀ 2019 ਵਿਚ ਮੁੱਖ ਅਰਥਸ਼ਾਸਤਰੀ ਦੇ ਰੂਪ ਵਿਚ ਆਈਐੱਮਐੱਫ ’ਚ ਸ਼ਾਮਲ ਹੋਈ ਸੀ। ਆਈਐੱਮਐੱਫ ਵਿਚ ਆਉਣ ਤੋਂ ਪਹਿਲਾਂ ਉਹ ਹਾਰਵਰਡ ਯੂਨੀਵਰਸਿਟੀ ਵਿਚ ਕੌਮਾਂਤਰੀ ਅਧਿਐਨ ਤੇ ਅਰਥਸ਼ਾਸਤਰ ਦੀ ਪ੍ਰੋਫੈਸਰ ਸੀ। ਆਈਐੱਮਐੱਫ ਦੇ ਮੈਨੇਜਿੰਗ ਡਾਇਰੈਕਟਰ ਕ੍ਰਿਸਟਲੀਨਾ ਜੌਰਜੀਵਾ ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਗੋਪੀਨਾਥ ਤੋਂ ਬਾਅਦ ਇਸ ਅਹੁਦੇ ’ਤੇ ਨਿਯੁਕਤ ਕੀਤੇ ਜਾਣ ਵਾਲੇ ਅਗਲੇ ਅਰਥਸ਼ਾਸਤਰੀ ਦੀ ਭਾਲ ਜਲਦੀ ਹੀ ਆਰੰਭ ਦਿੱਤੀ ਜਾਵੇਗੀ। ਜੌਰਜੀਵਾ ਨੇ ਕਿਹਾ, ‘‘ਆਈਐੱਮਐੱਫ ਵਿਚ ਗੀਤਾ ਦਾ ਯੋਗਦਾਨ ਕਾਫੀ ਜ਼ਿਕਰਯੋਗ ਰਿਹਾ। ਸਿੱਧੇ ਸ਼ਬਦਾਂ ਵਿਚ ਕਿਹਾ ਜਾਵੇ ਤਾਂ ਆਈਐੱਮਐੱਫ ਦੇ ਕੰਮ ’ਤੇ ਉਨ੍ਹਾਂ ਦਾ ਪ੍ਰਭਾਵ ਜ਼ਬਰਦਸਤ ਰਿਹਾ।’’ ਮੈਸੂਰ ਵਿਚ ਜਨਮੀ ਗੋਪੀਨਾਥ ਇਸ ਵਿਸ਼ਵ ਪੱਧਰੀ ਵਿੱਤੀ ਸੰਸਥਾ ਦੀ ਪਹਿਲੀ ਮਹਿਲਾ ਮੁੱਖ ਅਰਥਸ਼ਾਸਤਰੀ ਹੈ।