ਇਸਲਾਮਾਬਾਦ, 29 ਦਸੰਬਰ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਕਿਹਾ ਹੈ ਕਿ ਨਕਦੀ ਸੰਕਟ ਦਾ ਸਾਹਮਣਾ ਕਰ ਰਹੀ ਦੇਸ਼ ਦੀ ਅਰਥਵਿਵਸਥਾ ਨੂੰ ਹੁਲਾਰਾ ਦੇਣ ਲਈ ਕੌਮਾਂਤਰੀ ਮੁਦਰਾ ਕੋਸ਼ ਦੇ ਪ੍ਰੋਗਰਾਮ ਨੂੰ ਲਾਗੂ ਕਰਨ ਤੋਂ ਇਲਾਵਾ ਉਨ੍ਹਾਂ ਦੀ ਸਰਕਾਰ ਕੋਲ ਕੋਈ ਹੋਰ ਬਦਲ ਨਹੀਂ ਸੀ। ਐਸੋਸੀਏਟਿਡ ਪ੍ਰੈਸ ਆਫ਼ ਪਾਕਿਸਤਾਨ ਨੇ ਸ਼ਰੀਫ ਦੇ ਹਵਾਲੇ ਨਾਲ ਕਿਹਾ ਹੈ ਕਿ ਉਨ੍ਹਾਂ ਨੂੰ ਇਸ ਗੱਲ ਦਾ ਦੁੱਖ ਹੈ ਕਿ ਜੇ ਸਕਰਾਰ ਕਿਸੇ ਖੇਤਰ ਵਿੱਚ ਸਬਸਿਡੀ ਦੇਣਾ ਚਾਹੁੰਦੀ ਹੈ ਤਾਂ ਇਸ ਲਈ ਉਸ ਨੂੰ ਆਈਐੱਮਐੱਫ ਤੋਂ ਮਦਦ ਲੈਣੀ ਪਏਗੀ। ਜੋ ਇਕ ਵੱਡਾ ਕਾਰਨ ਤੇ ਦਰਦਨਾਕ ਹਕੀਕਤ ਹੈ।  ਸ਼ਰੀਫ਼ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਕੀਮਤਾਂ ਵਿੱਚ ਵਾਧੇ ਦਾ ਭਾਰ ਜਨਤਾ ’ਤੇ ਨਹੀਂ ਪਾਉਣਾ ਚਾਹੁੰਦੀ ਸੀ ਪਰ ਦੇਸ਼ ਨੂੰ ਆਈਐੱਮਐੱਫ ਪ੍ਰੋਗਰਾਮ ਨੂੰ ਲਾਗੂ ਕਰਨਾ ਹੀ ਹੋਵੇਗਾ ਕਿਉਂਕਿ ਉਸ ਕੋਲ ਕੋਈ ਹੋਰ ਬਦਲ ਨਹੀਂ ਹੈ। ਪਾਕਿਸਤਾਨ ਨੇ ਠੱਪ ਪਏ ਛੇ ਅਰਬ ਡਾਲਰ ਦੇ ਆਈਐੱਮਐੱਫ ਪ੍ਰਾਜੈਕਟਾਂ ਨੂੰ ਇਸ ਵਰ੍ਹੇ ਮੁੜ ਸ਼ੁਰੂ ਕੀਤਾ ਹੈ। ਹਾਲਾਂਕਿ ਇਸ ਲਈ ਜੋ ਸਖ਼ਤ ਸਰ਼ਤਾਂ ਹਨ ਉਨ੍ਹਾਂ ਦੀ ਪਾਲਣਾ ਕਰਨ ਵਿੱਚ ਉਸ ਨੂੰ ਔਖਿਆਈ ਮਹਿਸੂਸ ਹੋ ਰਹੀ ਹੈ। ਅਜਿਹੀਆਂ   ਖ਼ਬਰਾਂ ਹਨ ਕਿ ਆਈਐੱਮਐੱਫ ਉਦੋਂ ਤਕ ਇਸ ਪ੍ਰੋਗਰਾਮ ਤਹਿਤ ਹੋਰ     ਰਾਸ਼ੀ ਜਾਰੀ ਨਹੀਂ ਕਰੇਗਾ ਜਦੋਂ ਤਕ ਸਰਕਾਰ ਉਸ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਨਹੀਂ ਕਰਦੀ।