ਗੁਰਦਾਸਪੁਰ :ਕਸ਼ਮੀਰ ਘਾਟੀ ਦੇ ਜ਼ਿਲ੍ਹਾ ਗੰਦਰਬਲ ਵਿਚ ਲੰਘੀ ਸ਼ਾਮ ਅੱਤਵਾਦੀਆਂ ਦੇ ਹਮਲੇ ‘ਚ ਗੁਰਦਾਸਪੁਰ ਦੇ ਗੁਰਮੀਤ ਸਿੰਘ ਦੀ ਮੌਤ ਹੋ ਗਈ। ਗੁਰਮੀਤ ਸਿੰਘ ਪਿੰਡ ਸੱਖੋਵਾਲ ਦਾ ਰਹਿਣ ਵਾਲਾ ਸੀ। ਉਨ੍ਹਾਂ ਦੇ ਪਿਤਾ ਧਰਮ ਸਿੰਘ ਫ਼ੌਜ ਵਿੱਚ ਸੇਵਾਵਾਂ ਨਿਭਾਅ ਚੁੱਕੇ ਹਨ। ਮ੍ਰਿਤਕ ਗੁਰਮੀਤ ਸਿੰਘ (38) ਆਪਣੇ ਪਿੱਛੇ ਮਾਂ-ਬਾਪ ਤੋਂ ਇਲਾਵਾ ਪਤਨੀ ਅਤੇ ਦੋ ਧੀਆਂ ਸਮੇਤ ਇਕ ਪੁੱਤ ਨੂੰ ਛੱਡ ਗਏ ਹਨ। ਮੌਤ ਦੀ ਖ਼ਬਰ ਸੁਣਦੇ ਹੀ ਪਿੰਡ ਵਿਚ ਸੋਗ ਦੀ ਲਹਿਰ ਦੌੜ ਗਈ। ਪਰਿਵਾਰ ਵਾਲਿਆਂ ਦਾ ਰੋ-ਰੋ ਬੁਰਾ ਹਾਲ ਹੈ ਅਤੇ ਗੁਰਮੀਤ ਦੀ ਪਤਨੀ ਡੂੰਘੇ ਸਦਮੇ ‘ਚ ਹੈ।
ਗੁਰਮੀਤ ਸਿੰਘ ਦੇ ਪਿਤਾ ਧਰਮ ਸਿੰਘ ਅਤੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਗੁਰਮੀਤ ਸਿੰਘ ਕਈ ਸਾਲਾਂ ਤੋਂ ਇਕ ਨਿੱਜੀ ਕੰਪਨੀ ‘ਚ ਮਜ਼ਦੂਰ ਵੱਜੋਂ ਕੰਮ ਕਰ ਰਿਹਾ ਸੀ। ਇਸੇ ਦਰਮਿਆਨ ਉਹ ਜ਼ਿਲ੍ਹਾ ਗੰਦਰਬਲ ਵਿਚ ਸੁਰੰਗ ਦੀ ਉਸਾਰੀ ਦਾ ਕੰਮ ਕਰ ਰਿਹਾ ਸੀ ਕਿ ਅੱਤਵਾਦੀਆਂ ਨੇ ਮਜ਼ਦੂਰਾਂ ‘ਤੇ ਤਾਬੜਤੋੜ ਗੋਲੀਬਾਰੀ ਕਰ ਦਿੱਤੀ। ਇਸ ਹਮਲੇ ਦੌਰਾਨ ਉਹ ਪਤਨੀ ਨਾਲ ਗੱਲ ਕਰ ਰਿਹਾ ਸੀ ਅਤੇ ਉਸ ਤੋਂ ਕੁਝ ਸਮੇਂ ਬਾਅਦ ਹੀ ਪਰਿਵਾਰ ਨੂੰ ਗੁਰਮੀਤ ਦੀ ਮੌਤ ਦਾ ਸੁਨੇਹਾ ਮਿਲਿਆ। ਉਥੇ ਹੀ ਪਰਿਵਾਰ ਸਰਕਾਰ ਕੋਲੋਂ ਮਦਦ ਦੀ ਅਪੀਲ ਕਰ ਰਿਹਾ ਹੈ ।