ਓਟਵਾ, 22 ਦਸੰਬਰ : ਓਮਾਈਕ੍ਰੌਨ ਦੇ ਪਸਾਰ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਪ੍ਰੋਵਿੰਸਾਂ ਵੱਲੋਂ ਪਬਲਿਕ ਹੈਲਥ ਪਾਬੰਦੀਆਂ ਮੁੜ ਲਾਏ ਜਾਣ ਤੇ ਉਨ੍ਹਾਂ ਨੂੰ ਹੋਰ ਸਖ਼ਤ ਕਰਨ ਦੇ ਕੀਤੇ ਜਾ ਰਹੇ ਐਲਾਨਾਂ ਦਰਮਿਆਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਕੋਵਿਡ-19 ਬਾਰੇ ਅੱਜ ਅਪਡੇਟ ਜਾਰੀ ਕੀਤੀ ਜਾਵੇਗੀ।
ਕੈਨੇਡਾ ਦੀ ਚੀਫ ਪਬਲਿਕ ਹੈਲਥ ਆਫੀਸਰ ਡਾ· ਥੈਰੇਸਾ ਟੈਮ, ਡਿਪਟੀ ਚੀਫ ਪਬਲਿਕ ਹੈਲਥ ਆਫੀਸਰ ਡਾ· ਹੌਵਰਡ ਜੂ ਤੇ ਕਈ ਹੋਰਨਾਂ ਮੰਤਰੀਆਂ ਦੀ ਹਾਜ਼ਰੀ ਵਿੱਚ ਟਰੂਡੋ ਵੱਲੋਂ ਆਪਣਾ ਪੱਖ ਰੱਖਣ ਦੀ ਉਮੀਦ ਹੈ। ਓਮਾਈਕ੍ਰੌਨ ਦੇ ਤੇਜ਼ੀ ਨਾਲ ਪੈਰ ਪਸਾਰਨ ਕਾਰਨ ਕਈ ਪ੍ਰੋਵਿੰਸਾਂ ਵੱਲੋਂ ਪਬਲਿਕ ਹੈਲਥ ਪਾਬੰਦੀਆਂ ਨੂੰ ਸਖ਼ਤ ਕੀਤਾ ਜਾ ਰਿਹਾ ਹੈ ਤੇ ਇਸ ਹਫਤੇ ਤੋਂ ਕਈ ਥਾਂਵਾਂ ਉੱਤੇ ਨਵੇਂ ਨਿਯਮ ਵੀ ਪ੍ਰਭਾਵੀ ਹੋਣਗੇ।
ਜਿ਼ਕਰਯੋਗ ਹੈ ਕਿ ਕਿਊਬਿਕ ਵਿੱਚ ਲਗਾਤਾਰ ਤੀਜੇ ਦਿਨ ਕੋਵਿਡ-19 ਦੇ ਮਾਮਲਿਆਂ ਵਿੱਚ ਵਾਧਾ ਵੇਖਣ ਨੂੰ ਮਿਲਿਆ ਤੇ ਉੱਥੇ ਕੁੱਝ ਦਿਨਾਂ ਵਿੱਚ ਹੀ ਹੁਣ ਤੱਕ ਕੁੱਲ 5,043 ਨਵੇਂ ਮਾਮਲੇ ਸਾਹਮਣੇ ਆ ਚੁੱਕੇ ਹਨ।ਪਬਲਿਕ ਸਕਿਊਰਿਟੀ ਮਨਿਸਟਰ ਜੈਨੀਵੀਵ ਗਿਲਬਲਟ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਪ੍ਰੋਵਿੰਸ ਦੀ ਮਾਸ ਵੈਕਸੀਨੇਸ਼ਨ ਕੈਂਪੇਨ ਨੂੰ ਹੋਰ ਤੇਜ਼ ਕਰਨ ਲਈ ਮਿਲਟਰੀ ਦੀ ਮਦਦ ਲੈਣ ਲਈ ਵੀ ਆਖਿਆ ਗਿਆ। ਇਸ ਦੌਰਾਨ ਐਮਰਜੰਸੀ ਪ੍ਰਿਪੇਅਰਡਨੈੱਸ ਮੰਤਰੀ ਬਿੱਲ ਬਲੇਅਰ ਨੇ ਆਖਿਆ ਕਿ ਕਿਊਬਿਕ ਤੇ ਕੈਨੇਡਾ ਭਰ ਵਿੱਚ ਤੇਜ਼ੀ ਨਾਲ ਵੱਧ ਰਹੇ ਮਾਮਲੇ ਚਿੰਤਾਜਨਕ ਹਨ ਤੇ ਫੈਡਰਲ ਸਰਕਾਰ ਪ੍ਰੋਵਿੰਸ ਨਾਲ ਰਲ ਕੇ ਕੰਮ ਕਰੇਗੀ।