ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਲਈ ਮਾਣ ਵਾਲੀ ਗੱਲ ਹੈ ਕਿ ਮਲੇਸ਼ੀਆ ਦੀ ਏਅਰਲਾਈਨ ਏਅਰ ਏਸ਼ੀਆ ਐਕਸ ਨੇ ਜੁਲਾਈ 2024 ਦੇ ਮਹੀਨੇ ਲਈ ਹਵਾਈ ਅੱਡੇ ਨੂੰ ‘ਵਧੀਆ ਸਟੇਸ਼ਨ ਐਵਾਰਡ’ ਨਾਲ ਸਨਮਾਨਤ ਕੀਤਾ ਹੈ।
ਏਅਰ ਏਸ਼ੀਆ ਐਕਸ, ਜੋ ਕਿ ਦੁਨੀਆਂ ਦੀ ਸੱਭ ਤੋਂ ਵੱਡੀ ਘੱਟ ਕਿਰਾਏ ਵਾਲੀ ਏਅਰਲਾਈਨ ਵਿਚੋਂ ਇਕ ਹੈ, ਕੁਆਲਾਲੰਪੁਰ ਤੋਂ ਅੰਮ੍ਰਿਤਸਰ ਲਈ ਹਫ਼ਤੇ ਵਿਚ ਚਾਰ ਸਿੱਧੀਆਂ ਉਡਾਣਾਂ ਦਾ ਸੰਚਾਲਨ ਕਰਦੀ ਹੈ। ਇਹ ਐਵਾਰਡ ਦੁਨੀਆਂ ਭਰ ਦੇ ਏਅਰ ਏਸ਼ੀਆ ਐਕਸ ਨੈੱਟਵਰਕ ਦੇ 24 ਅੰਤਰਰਾਸ਼ਟਰੀ ਹਵਾਈ ਅੱਡਿਆਂ ਵਿਚੋਂ ਅੰਮ੍ਰਿਤਸਰ ਏਅਰਪੋਰਟ ਨੂੰ ਸਮੇਂ ’ਤੇ ਉਡਾਣਾਂ ਦਾ ਸੰਚਾਲਨ ਕਰਨ, ਬਹੁਤ ਹੀ ਘੱਟ ਗਿਣਤੀ ਵਿਚ ਯਾਤਰੀਆਂ ਦੇ ਬੈਗਾਂ ਦਾ ਖ਼ਰਾਬ ਹੋਣ ਅਤੇ ਸੱਭ ਤੋਂ ਵੱਧ ਨੈੱਟ ਪ੍ਰਮੋਟਰ ਸਕੋਰ ਪ੍ਰਾਪਤ ਕਰਨ ’ਤੇ ਮਿਲਿਆ ਹੈ।
ਅੰਮ੍ਰਿਤਸਰ ਵਿਖੇ ਏਅਰ ਏਸ਼ੀਆ ਐਕਸ ਦੇ ਸਟੇਸ਼ਨ ਮੈਨੇਜਰ ਬੀਰ ਸਿੰਘ ਬੱਗਾ ਨੇ ਸੋਸ਼ਲ ਮੀਡੀਆ ’ਤੇ ਇਹ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ,“ਇਹ ਪ੍ਰਾਪਤੀ ਸਾਡੀ ਮਿਹਨਤ ਦਾ ਪ੍ਰਮਾਣ ਹੈ। ਇਹ ਟੀਮ ਵਰਕ ਦਾ ਹੀ ਨਤੀਜਾ ਹੈ ਜਿਸ ਨਾਲ ਅਜਿਹੀਆਂ ਸਫਲਤਾਵਾਂ ਸੰਭਵ ਹੁੰਦੀਆਂ ਹਨ।” ਬੱਗਾ ਨੇ ਅਪਣੀ ਟੀਮ ਦੇ ਹਰ ਮੈਂਬਰ ਦੀ ਮਿਹਨਤ ਨੂੰ ਪ੍ਰਵਾਨ ਕਰਦੇ ਹੋਏ ਅੰਮ੍ਰਿਤਸਰ ਏਅਰਪੋਰਟ ਦੀ ਅਪਣੀ ਪੂਰੀ ਟੀਮ ਦਾ ਤਹਿ ਦਿਲੋਂ ਧਨਵਾਦ ਕੀਤਾ।
ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਅਤੇ ਸਮਾਜ ਸੇਵੀ ਗੈਰ-ਸਰਕਾਰੀ ਸੰਸਥਾ ਅੰਮ੍ਰਿਤਸਰ ਵਿਕਾਸ ਮੰਚ, ਜਿਨ੍ਹਾਂ ਨੇ ਅਗੱਸਤ 2018 ਵਿਚ ਇਨ੍ਹਾਂ ਉਡਾਣਾਂ ਨੂੰ ਸ਼ੁਰੂ ਕਰਾਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ, ਨੇ ਵੀ ਏਅਰ ਏਸ਼ੀਆ ਐਕਸ ਦੇ ਅੰਮ੍ਰਿਤਸਰ ਏਅਰਪੋਰਟ ਸਟਾਫ਼ ਨੂੰ ਵਧਾਈ ਦਿਤੀ ਹੈ। ਇਨ੍ਹਾਂ ਸੰਸਥਾਵਾਂ ਦੇ ਇਕ ਵਫ਼ਦ ਜਿਸ ਵਿਚ ਕੁਲਵੰਤ ਸਿੰਘ ਅਣਖੀ, ਮਨਮੋਹਨ ਸਿੰਘ ਬਰਾੜ, ਰਾਜਵਿੰਦਰ ਸਿੰਘ ਗਿੱਲ, ਯੋਗੇਸ਼ ਕਾਮਰਾ ਅਤੇ ਜੇਪੀ ਸਿੰਘ ਸ਼ਾਮਲ ਸਨ, ਨੇ ਏਅਰ ਏਸ਼ੀਆ ਐਕਸ ਦੇ ਅੰਮ੍ਰਿਤਸਰ ਹਵਾਈ ਅੱਡੇ ਦੇ ਸਟੇਸ਼ਨ ਮੈਨੇਜਰ ਬੀਰ ਸਿੰਘ ਬੱਗਾ ਅਤੇ ਮੁੱਖ ਸੁਰੱਖਿਆ ਅਫ਼ਸਰ ਗੁਰਦੀਪ ਸਿੰਘ ਨੂੰ ਸਨਮਾਨਤ ਕੀਤਾ।