ਅੰਮ੍ਰਿਤਸਰ, 20 ਫਰਵਰੀ
ਇਥੋਂ ਦੇ ਰਾਣੀ ਕਾ ਬਾਗ ਵਿਖੇ ਪੰਜਾਬ ਨੈਸ਼ਨਲ ਬੈਂਕ ਦੀ ਸ਼ਾਖਾ ਵਿੱਚ 22 ਲੱਖ ਰੁਪਏ ਦੀ ਲੁੱਟ ਕਰਨ ਦੇ ਮਾਮਲੇ ਵਿੱਚ ਪੁਲੀਸ ਨੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਵਿਅਕਤੀਆਂ ਕੋਲੋਂ 21 ਲੱਖ ਰੁਪਏ, ਦੋ ਪਿਸਤੌਲ ਅਤੇ 20 ਕਾਰਤੂਸ ਬਰਾਮਦ ਕੀਤੇ ਹਨ। ਮੁਲਜ਼ਮਾਂ ਦੀ ਸ਼ਨਾਖ਼ਤ ਲਾਲਜੀਤ ਸਿੰਘ ਅਤੇ ਗਗਨਦੀਪ ਸਿੰਘ ਵਜੋਂ ਹੋਈ ਹੈ। ਪੁਲੀਸ ਕਮਿਸ਼ਨਰ ਜਸਕਰਨ ਸਿੰਘ ਨੇ ਦੱਸਿਆ ਕਿ 16 ਫਰਵਰੀ ਨੂੰ ਦੁਪਹਿਰ ਵੇਲੇ ਇਨ੍ਹਾਂ ਦੋਵਾਂ ਨੇ ਬੈਂਕ ਵਿੱਚੋਂ 22 ਲੱਖ ਰੁਪਏ ਦੀ ਲੁੱਟ ਕੀਤੀ ਸੀ। ਪੁਲੀਸ ਨੇ ਜਾਂਚ ਵਾਸਤੇ ਵੱਖ-ਵੱਖ ਟੀਮਾਂ ਬਣਾਈਆਂ ਸਨ। ਟੀਮਾਂ ਨੇ ਲਾਲਜੀਤ ਸਿੰਘ ਨੂੰ ਉਸ ਦੇ ਪਿੰਡ ਮਹਿਈਆ ਲੋਹਾਰਾ ਤੋਂ ਕਾਬੂ ਕੀਤਾ, ਉਸ ਕੋਲੋਂ 12 ਲੱਖ ਰੁਪਏ, ਰਿਵਾਲਵਰ, 11 ਕਾਰਤੂਸ, ਕਾਰ ਬਰਾਮਦ ਕੀਤੀ ਹੈ, ਜਦੋਂ ਕਿ ਦੂਜੇ ਮੁਲਜ਼ਮ ਗਗਨਦੀਪ ਸਿੰਘ ਨੂੰ ਉਸ ਦੇ ਰਿਸ਼ੀ ਵਿਹਾਰ ਸਥਿਤ ਘਰ ਵਿੱਚੋਂ ਕਾਬੂ ਕੀਤਾ ਹੈ। ਉਸ ਕੋਲੋਂ 10 ਲੱਖ ਰੁਪਏ, ਪਿਸਤੌਲ, 9 ਗੋਲੀਆਂ ਅਤੇ ਇਕ ਸਕੂਟਰ ਬਰਾਮਦ ਕੀਤਾ ਹੈ।