ਚੰਡੀਗੜ੍ਹ, 8 ਜੂਨ
ਬੀਐੱਸਐੱਫ ਦੇ ਜਵਾਨਾਂ ਨੇ ਅੰਮ੍ਰਿਤਸਰ ਵਿੱਚ ਅੰਤਰਰਾਸ਼ਟਰੀ ਸਰਹੱਦ ਨੇੜੇ ਪਾਕਿਸਤਾਨੀ ਡਰੋਨ ਨੂੰ ਭਾਰਤੀ ਖੇਤਰ ਵਿੱਚ ਦਾਖਲ ਹੋਣ ਤੋਂ ਬਾਅਦ ਡੇਗ ਦਿੱਤਾ। ਇੱਕ ਵੱਖਰੀ ਘਟਨਾ ਵਿੱਚ ਜਵਾਨਾਂ ਨੇ ਤਰਨਤਾਰਨ ਜ਼ਿਲ੍ਹੇ ਵਿੱਚ ਇੱਕ ਹੋਰ ਪਾਕਿਸਤਾਨੀ ਡਰੋਨ ਵੱਲੋਂ ਸੁੱਟੀ ਦੋ ਕਿਲੋਗ੍ਰਾਮ ਤੋਂ ਵੱਧ ਹੈਰੋਇਨ ਜ਼ਬਤ ਕੀਤੀ। ਬੁਲਾਰੇ ਅਨੁਸਾਰ ਬੁੱਧਵਾਰ ਰਾਤ 9 ਵਜੇ ਬੀਐੱਸਐੱਫ ਦੇ ਜਵਾਨਾਂ ਨੇ ਅੰਮ੍ਰਿਤਸਰ ਦੇ ਪਿੰਡ ਭੈਣੀ ਰਾਜਪੂਤਾਨਾ ਨੇੜੇ ਡਰੋਨ ਵਰਗੀ ਆਵਾਜ਼ ਸੁਣੀ, ਜਿਸ ਤੋਂ ਬਾਅਦ ਉਨ੍ਹਾਂ ਨੇ ਗੋਲੀਆਂ ਚਲਾਈਆਂ। ਬੀਐਸਐਫ ਅਤੇ ਪੰਜਾਬ ਪੁਲਿਸ ਵੱਲੋਂ ਸਾਂਝਾ ਸਰਚ ਅਭਿਆਨ ਚਲਾਇਆ ਗਿਆ। ਇਸ ਦੌਰਾਨ ਉਨ੍ਹਾਂ ਨੂੰ ਇਹ ਡਰੋਨ ਪਿੰਡ ਦੇ ਬਾਹਰਵਾਰ ਖੇਤ ਵਿੱਚ ਖਰਾਬ ਵਿੱਚ ਮਿਲਿਆ। ਉਸੇ ਸਮੇਂ ਬੀਐੱਸਐਫ ਦੇ ਜਵਾਨਾਂ ਨੇ ਤਰਨਤਾਰਨ ਦੇ ਪਿੰਡ ਵਾਨ ਨੇੜੇ ਪਾਕਿਸਤਾਨ ਵਾਲੇ ਪਾਸਿਓਂ ਇੱਕ ਡਰੋਨ ਆਉਂਦਾ ਦੇਖਿਆ ਅਤੇ ਉਸ ਨੂੰ ਗੋਲੀ ਮਾਰ ਦਿੱਤੀ। ਕੁਝ ਸਮੇਂ ਬਾਅਦ ਜਵਾਨਾਂ ਨੇ ਵਾਨ ਤੋਂ ਸ਼ੱਕੀ ਮੋਟਰਸਾਈਕਲ ਆਉਂਦਾ ਦੇਖਿਆ ਅਤੇ ਉਸ ਨੂੰ ਰੁਕਣ ਦਾ ਇਸ਼ਾਰਾ ਕੀਤਾ। ਮੋਟਰਸਾਈਕਲ ਸਵਾਰ ਪਿੰਡ ਮਾੜੀ ਕੰਬੋਕੇ ਵੱਲ ਭੱਜ ਗਿਆ। ਬੀਐੱਸਐੱਫ ਦੇ ਜਵਾਨਾਂ ਨੇ ਮੋਟਰਸਾਈਕਲ ਦਾ ਪਿੱਛਾ ਕੀਤਾ ਪਰ ਬਾਅਦ ਵਿੱਚ ਇਹ ਪਿੰਡ ਵਿੱਚ ਲਾਵਾਰਸ ਹਾਲਤ ਵਿੱਚ ਮਿਲਿਆ। ਬੁਲਾਰੇ ਨੇ ਦੱਸਿਆ ਕਿ ਪਿੰਡ ਦੀ ਘੇਰਾਬੰਦੀ ਕੀਤੀ ਗਈ ਅਤੇ ਤਲਾਸ਼ੀ ਮੁਹਿੰਮ ਦੌਰਾਨ ਇੱਕ ਪੈਕਟ ਮਿਲਿਆ, ਜਿਸ ਵਿੱਚੋਂ ਦੋ ਕਿਲੋਗ੍ਰਾਮ ਤੋਂ ਵੱਧ ਹੈਰੋਇਨ ਦੀ ਖੇਪ ਬਰਾਮਦ ਹੋਈ। ਸ਼ੱਕ ਹੈ ਕਿ ਡਰੋਨ ਤੋਂ ਉਤਾਰੇ ਜਾਣ ਤੋਂ ਬਾਅਦ ਇਹ ਪੈਕੇਟ ਮੋਟਰਸਾਈਕਲ ਸਵਾਰ ਨੇ ਸਪਲਾਈ ਲਈ ਲੈ ਕੇ ਜਾਣਾ ਸੀ।