ਅੰਮ੍ਰਿਤਸਰ, 19 ਅਗਸਤ
ੲਿੱਥੇ ਅੱਜ ਹਥਿਆਰਬੰਦ ਲੁਟੇਰਿਆਂ ਨੇ ਘਰਿੰਡਾ ਵਾਸੀ ਤੋਂ ਉਸ ਵੇਲੇ 62 ਲੱਖ ਰੁਪਏ ਲੁੱਟ ਲਏ ਜਦੋਂ ਉਹ ਆਪਣੇ ਰਿਸ਼ਤੇਦਾਰਾਂ ਨਾਲ ਬੈਂਕ ਤੋਂ ਰਕਮ ਕਢਵਾ ਕੇ ਘਰ ਪਰਤ ਰਿਹਾ ਸੀ। ਇਹ ਘਟਨਾ ਪਿੰਡ ਮਾਹਲ ਬਾਈਪਾਸ ਦੇ ਫਲਾਈਓਵਰ ਨੇੜੇ ਵਾਪਰੀ। ਇਸ ਸਬੰਧੀ ਪੁਲੀਸ ਅਧਿਕਾਰੀਆਂ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਸਹਾਇਕ ਪੁਲੀਸ ਕਮਿਸ਼ਨਰ ਸਰਬਜੀਤ ਸਿੰਘ ਬਾਜਵਾ ਨੇ ਦੱਸਿਆ ਕਿ ਸ਼ਿਕਾਇਤਕਰਤਾ ਬਖਤਾਵਰ ਸਿੰਘ ਵਾਸੀ ਘਰਿੰਡਾ ਨੇ ਪੁਲੀਸ ਨੂੰ ਦੱਸਿਆ ਕਿ ਕੁਝ ਹਥਿਆਰਬੰਦ ਵਿਅਕਤੀ ਦੋ ਕਾਰਾਂ ’ਤੇ ਆਏ ਅਤੇ ਉਸ ਦਾ ਲਗਪਗ 62 ਲੱਖ ਰੁਪਏ ਰਕਮ ਵਾਲਾ ਬੈਗ ਖੋਹ ਲਿਆ। ਉਸ ਨੇ ਦੱਸਿਆ ਕਿ ਜਦੋਂ ਉਹ ਆਪਣੀ ਕਾਰ ’ਤੇ ਮਾਹਲ ਬਾਈਪਾਸ ਫਲਾਈਓਵਰ ਨੇੜੇ ਪਹੁੰਚੇ ਤਾਂ ਪਿੱਛਿਉਂ ਇਕ ਇਨੋਵਾ ਸਣੇ ਦੋ ਵਾਹਨ ਅਚਾਨਕ ਉਨ੍ਹਾਂ ਦੇ ਅੱਗੇ ਆ ਕੇ ਰੁਕ ਗਏ ਜਿਸ ਵਿਚੋਂ ਕੁਝ ਜਣੇ ਬਾਹਰ ਆਏ ਅਤੇ ਉਨ੍ਹਾਂ ਵੱਲ ਦੋ ਪਿਸਤੌਲ ਤਾਣ ਦਿੱਤੇ। ਉਨ੍ਹਾਂ ਗੋਲੀ ਮਾਰਨ ਦੀ ਧਮਕੀ ਦਿੱਤੀ ਅਤੇ ਨਗ਼ਦੀ ਵਾਲਾ ਬੈਗ ਖੋਹ ਲਿਆ। ਪੁਲੀਸ ਅਧਿਕਾਰੀ ਨੇ ਕਿਹਾ ਕਿ ਪੁਲੀਸ ਦੋਸ਼ੀਆਂ ਦਾ ਸੁਰਾਗ ਲੱਭਣ ਲਈ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰ ਰਹੀ ਹੈ ਜਲਦ ਹੀ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦੇ ਕੇ ਲੋਕਾਂ ’ਚ ਸਾਹਿਮ ਦਾ ਮਾਹੌਲ ਪੈਦਾ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਸਬੰਧ ਵਿੱਚ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਬੈਂਕ ਵਿੱਚੋਂ ਰਕਮ ਕਢਵਾਉਣ ਵਾਲਾ ਕਿਸਾਨ ਹੈ ਅਤੇ ਅਟਾਰੀ ਵਿੱਚ ਜਿੰਮ ਚਲਾਉਂਦਾ ਹੈ।