ਅੰਮ੍ਰਿਤਸਰ: ਪੰਜਾਬ ਦੇ ਅੰਮ੍ਰਿਤਸਰ ਵਿੱਚ ਬੀਤੀ ਰਾਤ ਇੱਕ ਹੋਰ ਧਮਾਕਾ ਸੁਣਿਆ ਗਿਆ। ਸ਼ੁਰੂਆਤੀ ਜਾਣਕਾਰੀ ਮੁਤਾਬਕ ਇਹ ਧਮਾਕਾ ਅੰਮ੍ਰਿਤਸਰ ਬਾਈਪਾਸ ‘ਤੇ ਸਥਿਤ ਫਤਿਹਗੜ੍ਹ ਚੂੜੀਆਂ ਪੁਲਸ ਚੌਕੀ ‘ਤੇ ਹੋਇਆ। ਕਿਸੇ ਜਾਨੀ ਜਾਂ ਜ਼ਖਮੀ ਹੋਣ ਦੀ ਕੋਈ ਸੂਚਨਾ ਨਹੀਂ ਹੈ।ਹਾਲਾਂਕਿ ਇਹ ਧਮਾਕਾ ਕਿਸੇ ਅੱਤਵਾਦੀ ਨੇ ਕੀਤਾ ਜਾਂ ਕੋਈ ਹੋਰ ਕਾਰਨ ਸੀ ਇਸ ਦੀ ਅਜੇ ਪੁਸ਼ਟੀ ਨਹੀਂ ਹੋਈ ਹੈ। ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਹਨ ਅਤੇ ਜਾਂਚ ਕਰ ਰਹੇ ਹਨ।

ਜਾਣਕਾਰੀ ਇਹ ਵੀ ਹੈ ਕਿ ਵਿਦੇਸ਼ਾਂ ‘ਚ ਬੈਠੇ ਅੱਤਵਾਦੀਆਂ ਨੇ ਪੁਲਿਸ ਨੂੰ ਸ਼ੀਸ਼ਾ ਦਿਖਾਉਣ ਲਈ ਇੱਕ ਵਾਰ ਫਿਰ ਤੋਂ ਚੌਕੀ ‘ਤੇ ਗ੍ਰੇਨੇਡ ਹਮਲਾ ਕੀਤਾ ਹੈ ਪਰ ਅਜੇ ਤੱਕ ਪੁਲਿਸ ਵੱਲੋਂ ਅਜਿਹੀ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਪੁਲਿਸ ਅਜੇ ਤੱਕ ਇਸ ਧਮਾਕੇ ਦੀ ਪੁਸ਼ਟੀ ਨਹੀਂ ਕਰ ਰਹੀ ਹੈ। ਇਸ ਹਮਲੇ ਤੋਂ ਬਾਅਦ ਪੰਜਾਬ ਭਰ ਵਿੱਚ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਗਏ ਹਨ। ਸਾਰੀਆਂ ਚੌਕੀਆਂ ਅਤੇ ਸੰਵੇਦਨਸ਼ੀਲ ਖੇਤਰਾਂ ‘ਤੇ ਵਾਧੂ ਪੁਲਿਸ ਬਲ ਤਾਇਨਾਤ ਕੀਤੇ ਗਏ ਹਨ।

ਮੌਕੇ ‘ਤੇ ਪਹੁੰਚੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਹੋਏ ਧਮਾਕੇ ਦੀ ਪੂਰੀ ਜਾਂਚ ਕੀਤੀ ਜਾ ਰਹੀ ਹੈ ਇਸ ਨੂੰ ਗ੍ਰਨੇਡ ਦਾ ਧਮਾਕਾ ਨਹੀਂ ਕਿਹਾ ਜਾ ਸਕਦਾ। ਉਨ੍ਹਾਂ ਕਿਹਾ ਕਿ ਫਿਰ ਵੀ ਫਰੈਂਸਿਕ ਟੀਮ ਧਮਾਕੇ ਦੀ ਜਾਂਚ ਕਰ ਰਹੀ ਹੈ ਜੋ ਵੀ ਤੱਥ ਸਾਹਮਣੇ ਆਉਣਗੇ ਉਹ ਦੱਸ ਦਿੱਤਾ ਜਾਵੇਗਾ। ਪੁਲਿਸ ਕਮਿਸ਼ਨਰ ਗੁਰਪ੍ਰੀਤ ਭੁੱਲਰ ਵੱਲੋਂ ਇਹ ਵੀ ਕਿਹਾ ਗਿਆ ਕਿ ਇਹ ਪੁਲਿਸ ਚੌਕੀ ਪਿਛਲੇ ਸਮੇਂ ‘ਚ ਬੰਦ ਕਰ ਦਿੱਤੀ ਗਈ ਸੀ।

ਉਨ੍ਹਾਂ ਕਿਹਾ ਕਿ ਸੜਕ ਉੱਤੇ ਹਲਕਾ ਜਿਹਾ ਖੱਡਾ ਬਣਿਆ ਹੈ। ਜਿਸਨੂੰ ਗ੍ਰਨੇਡ ਧਮਾਕਾ ਨਹੀਂ ਕਿਹਾ ਜਾ ਸਕਦਾ। ਇਸ ਦੇ ਨਾਲ ਹੀ ਪੁਲਿਸ ਕਮਿਸ਼ਨਰ ਗੁਰਪ੍ਰੀਤ ਭੁੱਲਰ ਵੱਲੋਂ ਗ੍ਰਨੇਡ ਬਲਾਸਟ ਵਾਲੀ ਇਸ ਸੂਚਨਾ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਜੇਕਰ ਗ੍ਰੇਨਡ ਬਲਾਸਟ ਹੋਇਆ ਹੁੰਦਾ ਤਾਂ ਸ਼ਾਇਦ ਆਲੇ ਦੁਆਲੇ ਬਹੁਤ ਜ਼ਿਆਦਾ ਨੁਕਸਾਨ ਦੇਖਣ ਨੂੰ ਮਿਲ ਸਕਦਾ ਸੀ, ਜਦੋਂਕਿ ਅਜਿਹਾ ਕੁੱਝਵੀ ਦੇਖਣ ਨੂੰ ਨਹੀਂ ਮਿਲੀ। ਪੁਲਿਸ ਕਮਿਸ਼ਨਰ ਵੱਲੋਂ ਇਹ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਇਹ ਪੁਲਿਸ ਚੌਂਕੀ ਲੰਬੇ ਸਮੇਂ ਤੋਂ ਬੰਦ ਕਰ ਦਿੱਤੀ ਗਈ ਹੈ, ਇਸ ਵਿੱਚ ਕੋਈ ਵੀ ਪੁਲਿਸ ਮੁਲਜ਼ਮਾਂ ਜਾ ਕੋਈ ਵੀ ਹੋਰ ਵਿਅਕਤੀ ਨਹੀਂ ਰਹਿੰਦਾ।