ਅੰਮ੍ਰਿਤਸਰ, 24 ਮਈ
ਅੰਮ੍ਰਿਤਸਰ ਸੰਸਦੀ ਹਲਕੇ ਵਿਚ ਇਸ ਵਾਰ ਸਭ ਤੋਂ ਘੱਟ ਮਤਦਾਨ ਹੋਣ ਕਾਰਨ ਇਥੇ ਕਾਂਗਰਸ ਅਤੇ ਭਾਜਪਾ ਉਮੀਦਵਾਰ ਵਿਚਾਲੇ ਫਸਵਾਂ ਮੁਕਾਬਲਾ ਹੋਣ ਦੀ ਚਰਚਾ ਸੀ ਪਰ ਇਹ ਚਰਚਾ ਅੱਜ ਉਸ ਵੇਲੇ ਗਲਤ ਸਾਬਤ ਹੋਈ ਜਦੋਂ ਕਾਂਗਰਸ ਦੇ ਉਮੀਦਵਾਰ ਗੁਰਜੀਤ ਸਿੰਘ ਔਜਲਾ ਨੇ 99,626 ਵੋਟਾਂ ਦੇ ਫਰਕ ਨਾਲ ਜਿੱਤ ਹਾਸਲ ਕੀਤੀ। ਸ੍ਰੀ ਔਜਲਾ ਨੂੰ 4,45,032 ਵੋਟਾਂ ਪ੍ਰਾਪਤ ਹੋਈਆਂ ਜਦੋਂਕਿ ਭਾਜਪਾ ਉਮੀਦਵਾਰ ਹਰਦੀਪ ਸਿੰਘ ਪੁਰੀ ਨੂੰ 3,45,406 ਵੋਟਾਂ ਪ੍ਰਾਪਤ ਹੋਈਆਂ। ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ ਨੂੰ ਸਿਰਫ 20,087 ਵੋਟਾਂ ਪ੍ਰਾਪਤ ਹੋਈਆਂ। ਪੀਡੀਏ ਦੀ ਉਮੀਦਵਾਰ ਸੀਪੀਆਈ ਆਗੂ ਦਸਵਿੰਦਰ ਕੌਰ ਨੂੰ 16,335 ਵੋਟਾਂ ਪ੍ਰਾਪਤ ਹੋਈਆਂ। ਸੰਸਦੀ ਹਲਕੇ ਵਿਚ ਕੁੱਲ 8,50,750 ਵੋਟਾਂ ਪਈਆਂ, ਜਿਸ ਵਿੱਚੋਂ 2,855 ਡਾਕ ਵੋਟਾਂ (ਪੋਸਟਲ ਵੋਟਾਂ) ਵਜੋਂ ਸ਼ਾਮਲ ਹਨ। 8,763 ਲੋਕਾਂ ਨੇ ਨੋਟਾ ਦਾ ਬਟਨ ਦਬਾਇਆ, ਜਦੋਂਕਿ 1069 ਵੋਟਾਂ ਰੱਦ ਹੋਈਆਂ। ਹਲਕੇ ਵਿਚ 30 ਉਮੀਦਵਾਰ ਚੋਣ ਮੈਦਾਨ ਵਿਚ ਸਨ। ਕਾਂਗਰਸੀ ਉਮੀਦਵਾਰ ਗੁਰਜੀਤ ਸਿੰਘ ਔਜਲਾ ਦੇ ਘਰ ਅਤੇ ਦਫਤਰ ਵਿੱਚ ਲੋਕਾਂ ਨੇ ਢੋਲ ’ਤੇ ਨੱਚਦਿਆਂ, ਲੱਡੂ ਵੰਡ ਕੇ ਖੁਸ਼ੀ ਮਨਾਈ। ਸ੍ਰੀ ਔਜਲਾ ਪਹਿਲਾਂ ਵੀ ਇਸ ਹਲਕੇ ਤੋਂ ਸੰਸਦ ਮੈਂਬਰ ਸਨ। ਉਨ੍ਹਾਂ ਨੇ 2017 ਸੰਸਦੀ ਉਪ ਚੋਣ ਵੇਲੇ ਪੰਜ ਲੱਖ ਤੋਂ ਵੱਧ ਵੋਟਾਂ ਪ੍ਰਾਪਤ ਕੀਤੀਆਂ ਸਨ। ਉਨ੍ਹਾਂ ਉਪ ਚੋਣ ਵਿਚ ਭਾਜਪਾ ਦੇ ਰਜਿੰਦਰ ਮੋਹਨ ਸਿੰਘ ਛੀਨਾ ਨੂੰ ਹਰਾਇਆ ਸੀ। ਅੱਜ ਜਿੱਤ ਮਗਰੋਂ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਸ੍ਰੀ ਔਜਲਾ ਨੇ ਆਪਣੀ ਜਿੱਤ ਦਾ ਸਿਹਰਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਅੰਮ੍ਰਿਤਸਰ ਸੰਸਦੀ ਹਲਕੇ ਦੇ ਕਾਂਗਰਸੀ ਵਿਧਾਇਕਾਂ ਅਤੇ ਮੰਤਰੀਆਂ ਤੋਂ ਇਲਾਵਾ ਸਮੂਹ ਕਾਂਗਰਸੀ ਆਗੂਆਂ ਦੇ ਸਿਰ ਬੰਨ੍ਹਿਆ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੇ ਕੀਤੇ ਕੰਮਾਂ ਨੂੰ ਵੋਟ ਪਾਈ ਹੈ। ਉਨ੍ਹਾਂ ਕਿਹਾ ਕਿ ਪਿਛਲੀ ਵਾਰ ਜਿਹੜੇ ਮੁੱਦੇ ਸੰਸਦ ਵਿਚ ਉਠਾਏ ਸਨ, ਉਨ੍ਹਾਂ ਨੂੰ ਅਮਲੀ ਰੂਪ ਵਿਚ ਪੂਰਾ ਕਰਾਉਣ ਲਈ ਯਤਨ ਕੀਤਾ ਜਾਵੇਗਾ। ਭਾਜਪਾ ਉਮੀਦਵਾਰ ਹਰਦੀਪ ਸਿੰਘ ਪੁਰੀ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਲੋਕਾਂ ਨੇ ਬਾਹਰੋਂ ਆਏ ਉਮੀਦਵਾਰ ’ਤੇ ਭਰੋਸਾ ਨਹੀਂ ਕੀਤਾ। ਉਧਰ ਸੋਸ਼ਲ ਮੀਡੀਆ ’ਤੇ ਆਪਣੇ ਟਵਿਟਰ ਖਾਤੇ ਵਿਚ ਹਰਦੀਪ ਪੁਰੀ ਨੇ ਆਪਣੀਆਂ ਭਾਵਨਾਵਾਂ ਨੂੰ ਦਰਜ ਕਰਦਿਆਂ ਲਿਖਿਆ ਕਿ ਜੋ ਕੁਝ ਵੀ ਨਤੀਜਾ ਆਇਆ ਹੈ, ਉਹ ਪ੍ਰਮਾਤਮਾ ਦੇ ਹੁਕਮ ਅੰਦਰ ਹੈ। ਪ੍ਰਮਾਤਮਾ ਦੀ ਰਜ਼ਾ ਤੋਂ ਬਾਹਰ ਕੋਈ ਵੀ ਨਹੀਂ ਹੈ। ਉਨ੍ਹਾਂ ਇਸ ਖਾਤੇ ਵਿਚ 19 ਮਈ ਨੂੰ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਸਮੇਂ ਕਾਂਗਰਸ ਉਮੀਦਵਾਰ ਗੁਰਜੀਤ ਸਿੰਘ ਔਜਲਾ ਨਾਲ ਹੋਈ ਮੁਲਾਕਾਤ ਦਾ ਵੀ ਜ਼ਿਕਰ ਕੀਤਾ ਹੈ। ਗੁਰਜੀਤ ਸਿੰਘ ਔਜਲਾ ਨੂੰ ਅੰਮ੍ਰਿਤਸਰ ਸੰਸਦੀ ਹਲਕੇ ਹੇਠ ਆਉਂਦੇ 9 ਵਿਧਾਨ ਸਭਾ ਹਲਕਿਆਂ ਵਿੱਚੋਂ ਇਕ ਮਜੀਠਾ ਨੂੰ ਛੱਡ ਕੇ ਬਾਕੀ ਸਾਰੇ ਵਿਧਾਨ ਸਭਾ ਹਲਕਿਆਂ ਵਿਚ ਜਿੱਤ ਪ੍ਰਾਪਤ ਹੋਈ ਹੈ। ਮਜੀਠਾ ਵਿਚ ਭਾਜਪਾ ਉਮੀਦਵਾਰ ਨੂੰ 52,274 ਵੋਟਾਂ ਅਤੇ ਕਾਂਗਰਸੀ ਉਮੀਦਵਾਰ ਨੂੰ 42,342 ਵੋਟਾਂ ਪ੍ਰਾਪਤ ਹੋਈਆਂ ਹਨ। ਇਸ ਵਾਰ ਚਾਰ ਦਿਹਾਤੀ ਹਲਕਿਆਂ ਵਿੱਚੋਂ 3 ਵਿਚੋਂ ਅਕਾਲੀ ਆਗੂ ਗੈਰਹਾਜ਼ਰ ਸਨ। ਇਸ ਦਾ ਲਾਹਾ ਕਾਂਗਰਸੀ ਉਮੀਦਵਾਰ ਨੂੰ ਮਿਲਿਆ ਹੈ।