ਰੂਪਨਗਰ, 20 ਸਤੰਬਰ

ਰੂਪਨਗਰ ਜ਼ਿਲ੍ਹੇ ਦੇ ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼ ਵਿੱਚ ਪਿਛਲੇ ਕਈ ਦਿਨਾਂ ਤੋਂ ਪੈ ਰਹੀ ਬਾਰਸ਼ ਅਤੇ ਕਸਬਾ ਅੰਬ ਵਿੱਚ ਬੱਦਲ ਫਟਣ ਕਾਰਨ ਸਤਲੁਜ ਦਰਿਆ ਵਿੱਚ ਪਾਣੀ ਦਾ ਪੱਧਰ ਅਚਾਨਕ ਵਧ ਗਿਆ। ਸੁਵਾਂ ਨਦੀ ਰਾਹੀਂ ਆਏ ਹੜ੍ਹ ਦੇ ਪਾਣੀ ਕਾਰਨ ਸਤਲੁਜ ਦਰਿਆ ਦੇ ਕਿਨਾਰੇ ਵਸੇ ਪਿੰਡਾਂ ਮਹਿੰਦਲੀ ਕਲਾਂ, ਹਰੀਵਾਲ, ਗੱਜਪੁਰ ਬੇਲਾ ਤੇ ਚੰਦਪੁਰ ਬੇਲਾ ਆਦਿ ਪਿੰਡਾਂ ਦੀਆਂ ਫ਼ਸਲਾਂ ਡੁੱਬ ਗਈਆਂ। ਪੰਜਾਬ ਵਿੱਚ ਮੌਸਮ ਠੀਕ ਰਹਿਣ ਕਾਰਨ ਲੋਕਾਂ ਦੇ ਘਰਾਂ ਵਿੱਚ ਹੜ੍ਹ ਦਾ ਪਾਣੀ ਦਾਖ਼ਲ ਹੋਣ ਤੋਂ ਬਚਾਅ ਹੋ ਗਿਆ। ਮਾਤਾ ਚਿੰਤਪੂਰਨੀ ਮਾਰਗ, ਅੰਬ, ਅੰਦੌਰਾ ਅਤੇ ਚੁਰੜੂ ਆਦਿ ਇਲਾਕਿਆਂ ਵਿੱਚ ਭਾਰੀ ਵਰਖਾ ਕਾਰਨ ਦੌਲਤਪੁਰ ਊਨਾ ਰੇਲਵੇ ਟਰੈਕ ਹੜ੍ਹ ਦੇ ਪਾਣੀ ਵਿੱਚ ਡੁੱਬ ਗਿਆ ਜਿਸ ਕਾਰਨ ਰੇਲਵੇ ਵਿਭਾਗ ਨੂੰ ਅੱਜ ਸਾਰਾ ਦਿਨ ਇਸ ਮਾਰਗ ’ਤੇ ਰੇਲ ਗੱਡੀਆਂ ਦੀ ਆਵਾਜਾਈ ਰੋਕਣੀ ਪਈ। ਰੇਲਵੇ ਵਿਭਾਗ ਨੇ ਅੱਜ ਰੇਲ ਗੱਡੀਆਂ ਦੀ ਆਵਾਜਾਈ ਨੂੰ ਨੰਗਲ ਡੈਮ ਤੱਕ ਹੀ ਸੀਮਿਤ ਰੱਖਿਆ।