ਪੋਰਟ ਬਲੇਅਰ : ਭਾਰਤੀ ਤੱਟ ਰੱਖਿਅਕ ਬਲ (ਆਈ.ਸੀ.ਜੀ.) ਨੇ ਅੰਡੇਮਾਨ ਅਤੇ ਨਿਕੋਬਾਰ ਦੇ ਬੈਰਨ ਟਾਪੂ ਨੇੜੇ ਮੱਛੀ ਫੜਨ ਵਾਲੇ ਇਕ ਜਹਾਜ਼ ਤੋਂ 5,500 ਕਿਲੋਗ੍ਰਾਮ ਪਾਬੰਦੀਸ਼ੁਦਾ ਮੈਥਾਮਫੇਟਾਮਾਈਨ ਜ਼ਬਤ ਕੀਤੀ ਹੈ। ਇਹ ਫੋਰਸ ਵਲੋਂ ਕੀਤੀ ਗਈ ਹੁਣ ਤਕ ਦੀ ਸੱਭ ਤੋਂ ਵੱਡੀ ਬਰਾਮਦਗੀ ਹੈ।
ਇਕ ਸੀਨੀਅਰ ਰੱਖਿਆ ਅਧਿਕਾਰੀ ਨੇ ਦਸਿਆ, ‘‘ਇਹ ਹੁਣ ਤਕ ਦੀ ਸੱਭ ਤੋਂ ਵੱਡੀ ਬਰਾਮਦਗੀ ਹੈ ਅਤੇ ਸਾਨੂੰ ਸ਼ੱਕ ਹੈ ਕਿ ਇਹ ਵੱਡੇ ਕੌਮਾਂਤਰੀ ਡਰੱਗ ਸਿੰਡੀਕੇਟ ਨਾਲ ਜੁੜਿਆ ਹੋਇਆ ਹੈ। ਮਿਆਂਮਾਰ ਦੇ ਰਹਿਣ ਵਾਲੇ ਜਹਾਜ਼ ਦੇ ਚਾਲਕ ਦਲ ਦੇ ਛੇ ਮੈਂਬਰਾਂ ਨੂੰ ਪਾਬੰਦੀਸ਼ੁਦਾ ਮੈਥਾਮਫੇਟਾਮਾਈਨ ਦੇ ਨਾਲ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਨੂੰ ਪੁੱਛ-ਪੜਤਾਲ ਲਈ ਸਥਾਨਕ ਪੁਲਿਸ ਦੇ ਹਵਾਲੇ ਕਰ ਦਿਤਾ ਗਿਆ।’’
ਅਧਿਕਾਰੀਆਂ ਨੇ ਦਸਿਆ ਕਿ ਪੁਲਿਸ ਨੂੰ ਸ਼ੱਕ ਹੈ ਕਿ ਇਕ ਜਹਾਜ਼ ਤੋਂ ਜ਼ਬਤ ਕੀਤੀ ਗਈ ਪਾਬੰਦੀਸ਼ੁਦਾ ਮੈਥਾਮਫੇਟਾਮਾਈਨ ਡਰੱਗ ਨੂੰ ਥਾਈਲੈਂਡ ਲਿਜਾਇਆ ਜਾਣਾ ਸੀ। ਉਨ੍ਹਾਂ ਕਿਹਾ ਕਿ ਪੁਲਿਸ ਜਹਾਜ਼ ਤੋਂ ਜ਼ਬਤ ਕੀਤੇ ਸੈਟੇਲਾਈਟ ਫੋਨਾਂ ਦੇ ਕਾਲ ਰੀਕਾਰਡਾਂ ਨੂੰ ਮੁੜ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਉਨ੍ਹਾਂ ਕਿਹਾ, ‘‘ਅਸੀਂ ਜ਼ਬਤ ਕੀਤੇ ਸੈਟੇਲਾਈਟ ਫੋਨਾਂ ਰਾਹੀਂ ਨਸ਼ਾ ਪ੍ਰਾਪਤ ਕਰਨ ਵਾਲਿਆਂ ਦੇ ਵੇਰਵੇ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਕੈਬਿਨ ਕਰੂ ਪੁੱਛ-ਪੜਤਾਲ ਦੌਰਾਨ ਕੁੱਝ ਵੀ ਦੱਸਣ ਤੋਂ ਇਨਕਾਰ ਕਰ ਰਹੇ ਹਨ ਅਤੇ ਅਜਿਹਾ ਜਾਪਦਾ ਹੈ ਕਿ ਉਹ ਪ੍ਰਾਪਤਕਰਤਾ ਦੀ ਪਛਾਣ ਅਤੇ ਸ਼ਿਪਮੈਂਟ ਦਾ ਪ੍ਰਗਟਾਵਾ ਕਰਨ ਤੋਂ ਡਰਦੇ ਹਨ।’’
ਪੁਲਿਸ ਸੂਤਰਾਂ ਨੇ ਦਸਿਆ ਕਿ ਮੈਥਾਮਫੇਟਾਮਾਈਨ ਦੀ ਵੱਡੀ ਖੇਪ ਥਾਈਲੈਂਡ ਪਹੁੰਚਾਉਣੀ ਸੀ। ਉਨ੍ਹਾਂ ਕਿਹਾ ਕਿ ਖੇਪ ਦੀ ਮਾਤਰਾ ਅਤੇ ਕੰਮ ਕਰਨ ਦੇ ਤਰੀਕੇ ਦੇ ਆਧਾਰ ’ਤੇ ਇਹ ਯਕੀਨੀ ਤੌਰ ’ਤੇ ਜਾਲਿਸਕੋ ਨਿਊ ਜਨਰੇਸ਼ਨ ਕਾਰਟੇਲ (ਅਲ ਮੇਂਚੋ ਵਲੋਂ ਚਲਾਇਆ ਜਾ ਰਿਹਾ) ਅਤੇ ਚੀਨੀ ਅਲ ਚਾਪੋ ਗੈਂਗ ਦੇ ਨੇਤਾਵਾਂ ਦਾ ਕੰਮ ਹੈ। ਉਨ੍ਹਾਂ ਕਿਹਾ, ‘‘ਸਾਲ 2019 ’ਚ ਅਸੀਂ ਅੰਡੇਮਾਨ ਸਾਗਰ ਤੋਂ ਅਜਿਹਾ ਹੀ ਨਸ਼ੀਲਾ ਪਦਾਰਥ ਜ਼ਬਤ ਕੀਤਾ ਸੀ ਅਤੇ ਫਿਰ ਅਲ ਮੇਂਚੋ ਗੈਂਗ ਮੁੱਖ ਸ਼ੱਕੀ ਦੇ ਰੂਪ ’ਚ ਉਭਰਿਆ ਸੀ।’’
ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਦਸਿਆ ਕਿ … ਕ੍ਰਿਸਮਸ ਅਤੇ ਨਵੇਂ ਸਾਲ ਦੀ ਪੂਰਵ ਸੰਧਿਆ ’ਤੇ ਥਾਈਲੈਂਡ ’ਚ ਅਜਿਹੀਆਂ ਦਵਾਈਆਂ ਦੀ ਭਾਰੀ ਮੰਗ ਹੁੰਦੀ ਹੈ। ਉਨ੍ਹਾਂ ਕਿਹਾ ਕਿ ਨਸ਼ੀਲੇ ਪਦਾਰਥਾਂ ਨੂੰ ਚਾਹ ਦੇ ਪੈਕੇਟ ’ਚ ਪੈਕ ਕੀਤਾ ਗਿਆ ਸੀ। ਸਾਰੇ ਮੁਲਜ਼ਮਾਂ ਨੂੰ ਸਥਾਨਕ ਅਦਾਲਤ ’ਚ ਪੇਸ਼ ਕੀਤਾ ਗਿਆ, ਜਿੱਥੋਂ ਉਨ੍ਹਾਂ ਨੂੰ 14 ਦਿਨਾਂ ਦੇ ਪੁਲਿਸ ਰਿਮਾਂਡ ’ਤੇ ਭੇਜ ਦਿਤਾ ਗਿਆ।
ਪ੍ਰਯੋਗਸ਼ਾਲਾ ਟੈਸਟਾਂ ਨੇ ਪੋਰਟ ਬਲੇਅਰ ਵਿਖੇ ਜ਼ਬਤ ਕੀਤੇ ਪਦਾਰਥ ’ਚ ਮੈਥਾਮਫੇਟਾਮਾਈਨ ਦੀ ਮੌਜੂਦਗੀ ਦੀ ਪੁਸ਼ਟੀ ਕੀਤੀ। ਇਕ ਰੱਖਿਆ ਅਧਿਕਾਰੀ ਨੇ ਦਸਿਆ ਕਿ 23 ਨਵੰਬਰ ਨੂੰ ਨਿਯਮਤ ਗਸ਼ਤ ਮੁਹਿੰਮ ਦੌਰਾਨ ਕੋਸਟ ਗਾਰਡ ਡੋਰਨੀਅਰ ਜਹਾਜ਼ ਦੇ ਪਾਇਲਟ ਨੇ ਪੋਰਟ ਬਲੇਅਰ ਤੋਂ ਕਰੀਬ 150 ਕਿਲੋਮੀਟਰ ਦੂਰ ਬੈਰਨ ਟਾਪੂ ਨੇੜੇ ਮੱਛੀ ਫੜਨ ਵਾਲੇ ਇਕ ਜਹਾਜ਼ ਦੀ ਸ਼ੱਕੀ ਗਤੀਵਿਧੀ ਦੇਖੀ।
ਉਨ੍ਹਾਂ ਕਿਹਾ, ‘‘ਮੱਛੀ ਫੜਨ ਵਾਲੇ ਜਹਾਜ਼ਾਂ ਨੂੰ ਚੇਤਾਵਨੀ ਦਿਤੀ ਗਈ ਸੀ ਅਤੇ ਹੌਲੀ ਕਰਨ ਲਈ ਕਿਹਾ ਗਿਆ ਸੀ। ਇਸ ਦੌਰਾਨ ਪਾਇਲਟ ਨੇ ਅੰਡੇਮਾਨ ਅਤੇ ਨਿਕੋਬਾਰ ਕਮਾਂਡ ਨੂੰ ਸੂਚਿਤ ਕੀਤਾ। ਤੁਰਤ ਸਾਡਾ ਸੱਭ ਤੋਂ ਨਜ਼ਦੀਕੀ ਤੇਜ਼ ਗਸ਼ਤੀ ਜਹਾਜ਼ ਬੈਰਨ ਟਾਪੂ ਵਲ ਰਵਾਨਾ ਹੋਇਆ। ਇਸ ਤੋਂ ਬਾਅਦ ਟੀਮ ਮੱਛੀ ਫੜਨ ਵਾਲੇ ਜਹਾਜ਼ ਨੂੰ ਜਾਂਚ ਲਈ 24 ਨਵੰਬਰ ਨੂੰ ਪੋਰਟ ਬਲੇਅਰ ਲੈ ਕੇ ਆਈ।’’