ਇਕਬਾਲ ਸਿੰਘ ਹਮਜ਼ਾਪੁਰ

ਸੁੰਦਰ ਨੇ ਘੜੀ ਵੇਖੀ। ਘੜੀ ਵੇਖ ਕੇ ਉਹ ਪੈਂਡਲ ਹੋਰ ਤੇਜ਼ੀ ਨਾਲ ਮਾਰਨ ਲੱਗ ਪਿਆ। ਅੱਜ ਸੁੰਦਰ ਦਾ ਇਮਤਿਹਾਨ ਸੀ। ‘ਕਿਧਰੇ ਲੇਟ ਨਾ ਹੋ ਜਾਵਾਂ।’ ਇਹ ਸੋਚ ਕੇ ਉਸ ਨੇ ਸਾਈਕਲ ਹੋਰ ਤੇਜ਼ ਕਰ ਲਿਆ ਸੀ। ਸਾਈਕਲ ਤੇਜ਼ ਕਰਕੇ ਅਜੇ ਉਹ ਅੱਧਾ ਕੁ ਕਿਲੋਮੀਟਰ ਗਿਆ ਸੀ ਕਿ ਸਾਈਕਲ ਪੈਂਚਰ ਹੋ ਗਿਆ।

ਸੁੰਦਰ ਨੇ ਦਿਨ ਰਾਤ ਇੱਕ ਕਰਕੇ ਇਮਤਿਹਾਨ ਦੀ ਤਿਆਰੀ ਕੀਤੀ ਸੀ। ਉਸ ਨੂੰ ਪੂਰੀ ਉਮੀਦ ਸੀ ਕਿ ਉਹ ਬਹੁਤ ਚੰਗੇ ਨੰਬਰ ਲੈ ਕੇ ਪਾਸ ਹੋਵੇਗਾ। ਪਰ ਹੁਣ ਉਸ ਦੀਆਂ ਉਮੀਦਾਂ ’ਤੇ ਪਾਣੀ ਫਿਰਦਾ ਜਾਪਣ ਲੱਗ ਪਿਆ ਸੀ।

‘ਹੁਣ ਕੀ ਕੀਤਾ ਜਾਵੇ।’ ਸੁੰਦਰ ਕੋਲ ਖੜ੍ਹੇ ਹੋ ਕੇ ਇਹ ਸੋਚਣ ਦਾ ਵਕਤ ਵੀ ਨਹੀਂ ਸੀ। ਉਹ ਕਾਹਲੀ-ਕਾਹਲੀ ਸਾਈਕਲ ਰੇੜ੍ਹਨ ਲੱਗ ਪਿਆ। ਉਹ ਵਾਰ-ਵਾਰ ਭੱਜਣ ਦੀ ਕੋਸ਼ਿਸ਼ ਕਰਦਾ, ਪਰ ਸਾਈਕਲ ਨਾਲ ਉਸ ਕੋਲੋਂ ਭੱਜਿਆ ਨਹੀਂ ਸੀ ਜਾਂਦਾ।

ਉਹ ਅਜੇ ਥੋੜ੍ਹੀ ਦੂਰ ਹੀ ਗਿਆ ਸੀ ਕਿ ਪਿੱਛੋਂ ਸਾਈਕਲ ਲੈ ਕੇ ਉਸ ਦਾ ਜਮਾਤੀ ਪ੍ਰਦੀਪ ਆ ਗਿਆ। ਪ੍ਰਦੀਪ ਦੇ ਨਾਲ ਉਸ ਦਾ ਛੋਟਾ ਭਰਾ ਦੀਪਕ ਵੀ ਸੀ। ਦੀਪਕ ਦਾ ਅੱਜ ਇਮਤਿਹਾਨ ਨਹੀਂ ਸੀ। ਪ੍ਰਦੀਪ ਨੇ ਸੁੰਦਰ ਨੂੰ ਸਾਈਕਲ ’ਤੇ ਬਿਠਾ ਲਿਆ। ਉਸ ਨੇ, ਸੁੰਦਰ ਦਾ ਸਾਈਕਲ ਦੀਪਕ ਨੂੰ ਫੜਾ ਦਿੱਤਾ।

‘‘ਦੀਪਕ! ਤੂੰ ਸੁੰਦਰ ਦਾ ਸਾਈਕਲ ਪੈਂਚਰ ਲਗਵਾ ਕੇ ਸਕੂਲ ਲੈ ਆਵੀਂ।’’ ਪ੍ਰਦੀਪ ਨੇ ਆਪਣੇ ਭਰਾ ਨੂੰ ਆਖਿਆ।

ਸਕੂਲ ਅੱਪੜ ਕੇ ਸੁੰਦਰ ਦਾ ਮਸ੍ਵਾਂ ਸਾਹ ਨਾਲ ਸਾਹ ਰਲ਼ਿਆ। ਉਹ ਫਟਾਫਟ ਇਮਤਿਹਾਨ ਵਿੱਚ ਬਹਿ ਗਿਆ। ਜਿਸ ਕਮਰੇ ਵਿੱਚ ਸੁੰਦਰ ਇਮਤਿਹਾਨ ਲਈ ਬੈਠਾ ਸੀ, ਉੱਥੇ ਹੀ ਦੂਸਰੀ ਲਾਈਨ ਵਿੱਚ ਪ੍ਰਦੀਪ ਵੀ ਬੈਠਾ ਸੀ।

ਪ੍ਰਦੀਪ ਨੇ ਸੁੰਦਰ ਵਾਂਗ ਇਮਤਿਹਾਨ ਦੀ ਤਿਆਰੀ ਨਹੀਂ ਕੀਤੀ ਸੀ। ਉਹ ਵਾਰ ਵਾਰ ਸੁੰਦਰ ਨੂੰ ਸਵਾਲ ਪੁੱਛਣ ਦੀ ਤੇ ਨਕਲ ਮਾਰਨ ਦੀ ਕੋਸ਼ਿਸ਼ ਕਰਦਾ ਸੀ। ਪ੍ਰਦੀਪ ਨੇ ਸੁੰਦਰ ਨੂੰ ਸਕੂਲ ਤੱਕ ਪਹੁੰਚਾਉਣ ਵਿੱਚ ਮਦਦ ਕੀਤੀ ਸੀ। ਇਸ ਕਰਕੇ ਪ੍ਰਦੀਪ ਨੂੰ ਪੂਰੀ ਉਮੀਦ ਸੀ ਕਿ ਸੁੰਦਰ, ਉਸ ਦੀ ਮਦਦ ਜ਼ਰੂਰ ਕਰੇਗਾ। ਪਰ ਇਮਤਿਹਾਨ ਦੇ ਇਨ੍ਹਾਂ ਤਿੰਨ ਘੰਟਿਆਂ ਵਿੱਚ ਸੁੰਦਰ ਨੇ ਪ੍ਰਦੀਪ ਵੱਲ ਅੱਖ ਚੁੱਕ ਕੇ ਵੀ ਨਾ ਵੇਖਿਆ। ਸੁੰਦਰ ਆਪਣਾ ਪੇਪਰ ਕਰਨ ਵਿੱਚ ਮਸਤ ਸੀ।

ਸੁੰਦਰ ਦਾ ਇਮਤਿਹਾਨ ਬਹੁਤ ਵਧੀਆ ਹੋ ਗਿਆ ਸੀ। ਉਹ ਇਮਤਿਹਾਨ ਤੋਂ ਬਾਅਦ ਸਭ ਤੋਂ ਪਹਿਲਾਂ ਪ੍ਰਦੀਪ ਨੂੰ ਮਿਲਿਆ। ਉਹ, ਪ੍ਰਦੀਪ ਦਾ ‘ਧੰਨਵਾਦ’ ਕਰਨਾ ਚਾਹੁੰਦਾ ਸੀ। ਪ੍ਰਦੀਪ ਦੀ ਮਦਦ ਨਾਲ ਹੀ ਸੁੰਦਰ ਇਮਤਿਹਾਨ ਲਈ ਸਮੇਂ ਸਿਰ ਪਹੁੰਚਿਆ ਸੀ ਤੇ ਉਸ ਦਾ ਇਮਤਿਹਾਨ ਬਹੁਤ ਵਧੀਆ ਹੋ ਗਿਆ ਸੀ।

ਸੁੰਦਰ ਨੇ ਅਜੇ ਕੁਝ ਬੋਲਣਾ ਹੀ ਸੀ ਕਿ ਪ੍ਰਦੀਪ, ਸੁੰਦਰ ਨੂੰ ਵੇਖ ਕੇ ਪਹਿਲਾਂ ਹੀ ਬੋਲਣ ਲੱਗ ਪਿਆ।

‘‘ਕੋਈ ਫਾਇਦਾ ਨਹੀਂ ਹੈ, ਤੇਰੇ ਵਰਗੇ ਦੀ ਮਦਦ ਕਰਨ ਦਾ। ਜੇਕਰ ਮੈਂ ਨਾ ਆਪਣੇ ਸਾਈਕਲ ’ਤੇ ਬਿਠਾਉਂਦਾ ਤੇ ਅੱਜ ਤੇਰੇ ਪੇਪਰ ਦਾ ਅੱਧਾ ਸਮਾਂ ਰਾਹ ਵਿੱਚ ਹੀ ਲੰਘ ਜਾਣਾ ਸੀ।’’ ਪ੍ਰਦੀਪ ਨੇ ਆਖਿਆ। ਉਹ ਲਾਲ-ਪੀਲਾ ਹੋਇਆ ਪਿਆ ਸੀ।

‘‘ਪ੍ਰਦੀਪ! ਮੈਂ, ਤੇਰਾ ਅਹਿਸਾਨਮੰਦ ਹਾਂ। ਤੂੰ, ਮੇਰੀ ਮਦਦ ਕੀਤੀ ਹੈ। ਲੋੜ ਵੇਲੇ ਮੈਂ ਵੀ ਤੇਰੀ ਮਦਦ ਜ਼ਰੂਰ ਕਰਾਂਗਾ।’’ ਸੁੰਦਰ ਨੇ ਸਮਝਾਇਆ।

‘‘ਪ੍ਰਦੀਪ! ਨਕਲ ਕਰਨੀ ਤੇ ਕਰਾਉਣੀ ਪਾਪ ਹੈ। ਨਕਲ ਮਾਰ ਕੇ ਅੱਜ ਤਾਈਂ ਕਿਸੇ ਨੂੰ ਵੀ ਮੰਜ਼ਿਲ ਨਹੀਂ ਪ੍ਰਾਪਤ ਹੋਈ।’’ ਸੁੰਦਰ ਨੇ ਫਿਰ ਆਖਿਆ, ਪਰ ਪ੍ਰਦੀਪ ਮੰਨਣ ਲਈ ਤਿਆਰ ਨਹੀਂ ਸੀ।

ਪ੍ਰਦੀਪ ਨੇ ਸੁੰਦਰ ਨਾਲ ਬੋਲਣਾ ਬੰਦ ਕਰ ਦਿੱਤਾ। ਭਾਵੇਂ ਪ੍ਰਦੀਪ ਨਹੀਂ ਬੋਲਦਾ ਸੀ, ਫਿਰ ਵੀ ਸੁੰਦਰ, ਪ੍ਰਦੀਪ ਦੀ ਮਦਦ ਲਈ ਤਿਆਰ-ਬਰ-ਤਿਆਰ ਰਹਿੰਦਾ ਸੀ।

ਫਿਰ ਇੱਕ ਦਿਨ ਪ੍ਰਦੀਪ ਦੇ ਡੈਡੀ ਸਕੂਲ ਵਿੱਚ ਆ ਗਏ। ਉਹ ਕੁਝ ਚਿੰਤਤ ਜਾਪ ਰਹੇ ਸਨ। ਉਹ ਜਾਣਦੇ ਸਨ ਕਿ ਪ੍ਰਦੀਪ ਪੜ੍ਹਾਈ ਵਿੱਚ ਬਹੁਤਾ ਚੰਗਾ ਨਹੀਂ ਹੈ। ਉਹ, ਅਧਿਆਪਕਾਂ ਨਾਲ ਪ੍ਰਦੀਪ ਨੂੰ ਵੱਖਰਾ ਸਮਾਂ ਦੇ ਕੇ ਪੜ੍ਹਾਉਣ ਦੀ ਗੱਲ ਕਰ ਰਹੇ ਸਨ। ਕੋਲ ਖੜ੍ਹੇ ਸੁੰਦਰ ਨੇ ਇਹ ਗੱਲ ਸੁਣ ਲਈ ਸੀ। ਸੁੰਦਰ ਹੁਣ ਪ੍ਰਦੀਪ ਦੀ ਮਦਦ ਕਰਨ ਦਾ ਮੌਕਾ ਖੁਝਾਉਣਾ ਨਹੀਂ ਚਾਹੁੰਦਾ ਸੀ।

‘‘ਅੰਕਲ, ਪ੍ਰਦੀਪ ਨੂੰ ਮੈਂ ਪੜ੍ਹਾਇਆ ਕਰਾਂਗਾ।’’ ਸੁੰਦਰ ਨੇ ਆਖਿਆ। ਸੁੰਦਰ ਦੀ ਤਜਵੀਜ਼ ਸੁਣ ਕੇ ਸਾਰੇ ਅਧਿਆਪਕਾਂ ਦੇ ਨਾਲ ਪ੍ਰਦੀਪ ਦੇ ਡੈਡੀ ਵੀ ਖੁਸ਼ ਹੋ ਗਏ। ਅਧਿਆਪਕਾਂ ਨੇ ਉਸੇ ਵਕਤ ਸੁੰਦਰ ਦੇ ਇਸ ਸੁੰਦਰ ਇਰਾਦੇ ਨੂੰ ਹਰੀ ਝੰਡੀ ਵਿਖਾ ਦਿੱਤੀ।

ਪ੍ਰਦੀਪ, ਸੁੰਦਰ ਨਾਲ ਬੋਲਦਾ ਨਹੀਂ ਸੀ। ਫਿਰ ਵੀ ਸੁੰਦਰ, ਪ੍ਰਦੀਪ ਨੂੰ ਪੜ੍ਹਾਉਣ ਉਸ ਦੇ ਘਰ ਜਾਣ ਲੱਗ ਪਿਆ। ਉਹ ਪ੍ਰਦੀਪ ਨੂੰ ਬੜੇ ਹੀ ਸੌਖੇ ਢੰਗ ਨਾਲ ਸਮਝਾਉਂਦਾ ਸੀ। ਪ੍ਰਦੀਪ ਦਿਨ ਪ੍ਰਤੀ ਦਿਨ ਹੁਸ਼ਿਆਰ ਹੁੰਦਾ ਜਾ ਰਿਹਾ ਸੀ। ਕੁਝ ਦਿਨਾਂ ਬਾਅਦ ਉਹ ਆਪੇ ਪੜ੍ਹਨ ਲਈ ਸੁੰਦਰ ਦੇ ਘਰ ਆਉਣ ਲੱਗ ਪਿਆ। ਹੁਣ ਸੁੰਦਰ ਨੂੰ ਸਕੂਲ ਵਿੱਚ ਵੀ ਜਦੋਂ ਮੌਕਾ ਮਿਲਦਾ, ਉਹ ਪ੍ਰਦੀਪ ਦੀ ਮਦਦ ਕਰਨ ਲੱਗ ਪੈਂਦਾ ਸੀ। ਸੁੰਦਰ, ਹੌਲੀ-ਹੌਲੀ ਪ੍ਰਦੀਪ ਨੂੰ ਇਮਤਿਹਾਨ ਲਈ ਤਿਆਰ ਕਰਦਾ ਜਾ ਰਿਹਾ ਸੀ। ਉਸ ਨੇ ਪ੍ਰਦੀਪ ਕੋਲੋਂ ਇਮਤਿਹਾਨ ਵੇਲੇ ਨਕਲ ਨਾ ਮਾਰਨ ਦਾ ਵਚਨ ਵੀ ਲੈ ਲਿਆ ਸੀ। ਪ੍ਰਦੀਪ ਸਾਰੇ ਗੁੱਸੇ ਗਿਲੇ ਭੁੱਲ ਗਿਆ ਸੀ। ਹੁਣ ਉਹ ਬੇਹੱਦ ਖੁਸ਼ ਸੀ।