ਏਅਰ ਇੰਡੀਆ ਦਾ ਬੋਇੰਗ 787 ਡ੍ਰੀਮਲਾਈਨਰ ਜਹਾਜ਼ AI-171, ਜੋ ਕਿ ਗੁਜਰਾਤ ਦੇ ਅਹਿਮਦਾਬਾਦ ਤੋਂ ਲੰਡਨ ਜਾ ਰਿਹਾ ਸੀ, ਵੀਰਵਾਰ ਨੂੰ ਟੇਕਆਫ ਤੋਂ ਥੋੜ੍ਹੀ ਦੇਰ ਬਾਅਦ ਹੀ ਹਾਦਸਾਗ੍ਰਸਤ ਹੋ ਗਿਆ। ਫਲਾਈਟ ਰਾਡਾਰ ਡਾਟਾ ਮੁਤਾਬਕ ਜਹਾਜ਼ 625 ਫੁੱਟ ਦੀ ਉਚਾਈ ‘ਤੇ ਪਹੁੰਚਣ ਤੋਂ ਥੋੜ੍ਹੀ ਦੇਰ ਬਾਅਦ ਹੀ ਹਾਦਸਾਗ੍ਰਸਤ ਹੋ ਗਿਆ। ਜਹਾਜ਼ ਵਿੱਚ 242 ਯਾਤਰੀ ਸਵਾਰ ਸਨ, ਜਿਨ੍ਹਾਂ ਵਿੱਚ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰੂਪਾਨੀ ਵੀ ਸ਼ਾਮਲ ਸਨ। ਹੁਣ ਤੱਕ, 200 ਤੋਂ ਵੱਧ ਲੋਕਾਂ ਦੀ ਜਾਨ ਜਾਣ ਦੀਆਂ ਖ਼ਬਰਾਂ ਹਨ। ਪਰ ਇਸ ਹਾਦਸੇ ਵਿੱਚ ਇੱਕ ਵਿਅਕਤੀ ਬਚ ਵੀ ਗਿਆ ਹੈ। ਜਹਾਜ਼ ਹਾਦਸੇ ਦੌਰਾਨ 625 ਫੁੱਟ ਤੋਂ ਡਿੱਗਣ ਦੇ ਬਾਵਜੂਦ ਉਸਦੀ ਜਾਨ ਬਚ ਗਈ। ਇਹ ਵਿਅਕਤੀ ਹਾਦਸੇ ਵਾਲੀ ਥਾਂ ਤੋਂ ਲਾਸ਼ਾਂ ਵਿੱਚੋਂ ਲੰਘ ਕੇ ਹਸਪਤਾਲ ਪਹੁੰਚਿਆ।
ਅਹਿਮਦਾਬਾਦ ਪੁਲਿਸ ਕਮਿਸ਼ਨਰ ਜੀਐਸ ਮਲਿਕ ਨੇ ਕਿਹਾ ਹੈ, ਪੁਲਿਸ ਨੂੰ ਸੀਟ 11A ‘ਤੇ ਇੱਕ ਬੰਦਾ ਬਚਿਆ ਹੋਇਆ ਮਿਲਿਆ ਹੈ। ਵਿਅਕਤੀ ਹਸਪਤਾਲ ਵਿੱਚ ਮਿਲਿਆ ਹੈ ਅਤੇ ਉਸਦਾ ਇਲਾਜ ਚੱਲ ਰਿਹਾ ਹੈ। ਹੁਣ ਤੱਕ ਮੌਤਾਂ ਦੀ ਗਿਣਤੀ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ।
ਦੱਸ ਦੇਈਏ ਕਿ ਜਹਾਜ਼ ਰਿਹਾਇਸ਼ੀ ਖੇਤਰ ਵਿੱਚ ਹਾਦਸਾਗ੍ਰਸਤ ਹੋਣ ਕਾਰਨ ਮੌਤਾਂ ਦੀ ਗਿਣਤੀ ਵੱਧ ਸਕਦੀ ਹੈ। ਬਚੇ ਵਿਅਕਤੀ ਦਾ ਨਾਮ ਰਮੇਸ਼ ਵਿਸ਼ਵਾਸ ਕੁਮਾਰ ਦੱਸਿਆ ਜਾ ਰਿਹਾ ਹੈ। ਵਿਸ਼ਵਾਸ ਦਾ ਇਲਾਜ ਅਹਿਮਦਾਬਾਦ ਸਿਵਲ ਹਸਪਤਾਲ ਵਿੱਚ ਕੀਤਾ ਜਾ ਰਿਹਾ ਹੈ।
ਰਮੇਸ਼ ਵਿਸ਼ਵਾਸ ਨੇ ਦੱਸਿਆ ਕਿ ਉਡਾਣ ਭਰਨ ਤੋਂ 30 ਸਕਿੰਟਾਂ ਬਾਅਦ ਜਹਾਜ਼ ਕਰੈਸ਼ ਹੋ ਗਿਆ। ਜਦੋਂ ਮੈਨੂੰ ਹੋਸ਼ ਆਇਆ ਤਾਂ ਮੇਰੇ ਆਲੇ-ਦੁਆਲੇ ਲਾਸ਼ਾਂ ਸਨ, ਕਿਸੇ ਨੇ ਮੈਨੂੰ ਚੁੱਕਿਆ ਅਤੇ ਐਂਬੂਲੈਂਸ ਵਿੱਚ ਪਾ ਦਿੱਤਾ। ਮੈਨੂੰ ਵਿਸ਼ਵਾਸ ਨਹੀਂ ਹੋ ਰਿਹਾ ਕਿ ਮੈਂ ਜਿਊਂਦਾ ਹਾਂ। ਇਹ ਕਿਸੇ ਚਮਤਕਾਰ ਤੋਂ ਘੱਟ ਨਹੀਂ। ਉਸ ਨੇ ਕਿਹਾ ਕਿ ਮੇਰਾ ਭਰਾ ਵੀ ਮੇਰੇ ਨਾਲ ਜਹਾਜ਼ ਵਿੱਚ ਸਫ਼ਰ ਕਰ ਰਿਹਾ ਸੀ, ਕਿਰਪਾ ਕਰਕੇ ਉਸਨੂੰ ਲੱਭਣ ਵਿੱਚ ਮੇਰੀ ਮਦਦ ਕਰੋ।