ਨਵੀਂ ਦਿੱਲੀ, 6 ਸਤੰਬਰ
ਜੀ-20 ਦੇ ਰਾਤਰੀ ਭੋਜ ਦੇ ਸੱਦੇ ਨੂੰ ਲੈ ਕੇ ਪੈਦਾ ਹੋਏ ਵਿਵਾਦ ਦਰਮਿਆਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਭਾਜਪਾ ਘਬਰਾਈ ਹੋਈ ਹੈ ਤੇ ਅਸਲ ਮੁੱਦਿਆਂ ਤੋਂ ਧਿਆਨ ਭਟਕਾਉਣ ਲਈ ‘ਇਕ ਦੇਸ਼ ਇਕ ਚੋਣ’ ਤੇ ‘ਨਾਮ ਬਦਲੀ’ ਜਿਹੀਆਂ ਕੋਝੀਆਂ ਹਰਕਤਾਂ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰਾਂ ਦਾ ਗੱਠਜੋੜ ‘ਇੰਡੀਆ’ ਜੇ ਆਪਣਾ ਨਾਮ ‘ਭਾਰਤ’ ਰੱਖ ਲਵੇ ਤਾਂ ਕੀ ਭਾਜਪਾ ਦੇਸ਼ ਦਾ ਨਾਮ ਭਾਰਤ ਤੋਂ ਬਦਲ ਕੇ ਕੁਝ ਹੋਰ ਰੱਖ ਦੇਵੇਗੀ?
ਕੇਜਰੀਵਾਲ ਨੇ ਕਿਹਾ, ‘‘ਇਹ ਕਿਹੋ ਜਿਹਾ ਮਜ਼ਾਕ ਹੈ! ਇਹ ਸਾਡਾ ਦੇਸ਼ ਹੈ। ਸਾਡਾ ਪੁਰਾਤਨ ਸਭਿਆਚਾਰ ਹੈ।’’ ਆਪ ਸੁਪਰੀਮੋ ਨੇ ਕਿਹਾ ਕਿ ਭਾਜਪਾ ਵਿਰੋਧੀ ਧਿਰਾਂ ਦੇ ਗੱਠਜੋੜ ਇੰਡੀਆ ਤੋਂ ਇਸ ਕਦਰ ਘਬਰਾ ਗਈ ਹੈ ਕਿ ਜਦੋਂ ਪਹਿਲਾਂ ਇਸ ਦਾ ਐਲਾਨ ਕੀਤਾ ਤਾਂ ਉਸ ਨੇ ‘ਇਕ ਦੇਸ਼ ਇਕ ਚੋਣ’ ਤਜਵੀਜ਼ ਨਾਲ ਲੋਕਾਂ ਦਾ ਇਸ ਤੋਂ ਧਿਆਨ ਵੰਡਾਉਣ ਦੀ ਕੋੋਸ਼ਿਸ਼ ਕੀਤੀ। ਉਨ੍ਹਾਂ ਕਿਹਾ, ‘‘ਇੰਡੀਆ ਗੱਠਜੋੜ ਨੂੰ ਲੈ ਕੇ ਉਨ੍ਹਾਂ ਦੀ ਪ੍ਰਤੀਕਿਰਿਆ ਤੋਂ ਸਾਫ਼ ਹੈ ਕਿ ਉਹ ਬਹੁਤ ਬੇਚੈਨ ਹਨ। ਉਨ੍ਹਾਂ ਧਿਆਨ ਭਟਕਾਉਣ ਲਈ ਹੀ ‘ਇਕ ਦੇਸ਼ ਇਕ ਚੋਣ’ ਦਾ ਸ਼ਗੂਫਾ ਛੱਡਿਆ। ਉਹ ‘ਇਕ ਦੇਸ਼ ਇਕ ਚੋਣ’ ਕਿਵੇਂ ਕਰਵਾ ਸਕਦੇ ਹਨ? ਇਸ ਦਾ ਲੋਕਾਂ ਨੂੰ ਲਾਭ ਕਿਵੇਂ ਹੋਵੇਗਾ? ਕੀ ੲਿਸ ਨਾਲ ਮਹਿੰਗਾਈ ਤੇ ਬੇਰੁਜ਼ਗਾਰੀ ਘਟੇਗੀ।’’ ਕੇਜਰੀਵਾਲ ਨੇ ਪ੍ਰੈਸ ਕਾਨਫਰੰਸ ਵਿੱਚ ਕਿਹਾ, “ਇਸ (ਨਾਂ ਬਦਲੀ) ਬਾਰੇ ਕੋਈ ਅਧਿਕਾਰਤ ਜਾਣਕਾਰੀ ਨਹੀਂ ਹੈ ਪਰ ਮੈਂ ਅਫਵਾਹਾਂ ਸੁਣੀਆਂ ਹਨ। ਅਜਿਹਾ ਕਿਉਂ ਹੋ ਰਿਹਾ ਹੈ? ਕੁਝ ਪਾਰਟੀਆਂ ‘ਇੰਡੀਆ’ ਗੱਠਜੋੜ ਬਣਾਉਣ ਲਈ ਇਕੱਠੀਆਂ ਹੋਈਆਂ ਹਨ। ਜੇ ‘ਇੰਡੀਆ’ ਗੱਠਜੋੜ ਆਪਣਾ ਨਾਮ ਬਦਲ ਕੇ ‘ਭਾਰਤ’ ਰੱਖ ਲੈਂਦਾ ਹੈ ਤਾਂ ਕੀ ਉਹ ਭਾਰਤ ਦਾ ਨਾਮ ਬਦਲ ਦੇਣਗੇ? ਇਹ ਦੇਸ਼ ਧ੍ਰੋਹ ਹੈ।’’ ਕੇਜਰੀਵਾਲ ਨੇ ਕਿਹਾ ਕਿ ਭਾਜਪਾ ਵਿਰੋਧੀ ਗੱਠਜੋੜ ਤੋਂ ਇੰਨੀ ਪ੍ਰੇਸ਼ਾਨ ਹੈ ਕਿ ਜਦੋਂ ਪਹਿਲੀ ਵਾਰ ਇਸ ਦਾ ਐਲਾਨ ਕੀਤਾ ਗਿਆ ਤਾਂ ਉਸ ਨੇ ਆਪਣੇ ‘ਇਕ ਰਾਸ਼ਟਰ, ਇਕ ਚੋਣ’ ਪ੍ਰਸਤਾਵ ਨਾਲ ਲੋਕਾਂ ਦਾ ਧਿਆਨ ਇਸ ਤੋਂ ਹਟਾਉਣ ਦੀ ਕੋਸ਼ਿਸ਼ ਕੀਤੀ।
ਡੀਐੱਮਕੇ ਆਗੂ ਉਦੈਨਿਧੀ ਸਟਾਲਿਨ ਵੱਲੋਂ ਸਨਾਤਨ ਧਰਮ ’ਤੇ ਕੀਤੀ ਗਈ ਟਿੱਪਣੀ ਤੋਂ ਪੈਦਾ ਹੋਏ ਇਕ ਹੋਰ ਵਿਵਾਦ ’ਤੇ ਕੇਜਰੀਵਾਲ ਨੇ ਕਿਹਾ ਕਿ ਲੋਕਾਂ ਨੂੰ ਸਾਰੇ ਧਰਮਾਂ ਦਾ ਸਨਮਾਨ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ, “ਮੈਂ ਸਨਾਤਨ ਧਰਮ ਤੋਂ ਹਾਂ। ਤੁਹਾਡੇ ’ਚੋਂ ਵੀ ਕਈ ਲੋਕ ਸਨਾਤਨ ਧਰਮ ਨਾਲ ਸਬੰਧਤ ਹਨ। ਸਾਨੂੰ ਇੱਕ-ਦੂਜੇ ਦੇ ਧਰਮ ਦਾ ਸਤਿਕਾਰ ਕਰਨਾ ਚਾਹੀਦਾ ਹੈ ਅਤੇ ਇਸ ਖ਼ਿਲਾਫ਼ ਗਲਤ ਨਹੀਂ ਬੋਲਣਾ ਚਾਹੀਦਾ।’’