ਮੁੰਬਈ:ਟੋਕੀਓ ਓਲੰਪਿਕ ਵਿੱਚ ਕਾਂਸੇ ਦਾ ਤਗ਼ਮਾ ਜਿੱਤਣ ’ਤੇ ਭਾਰਤੀ ਪੁਰਸ਼ ਹਾਕੀ ਟੀਮ ਨੂੰ ਅੱਜ ਇੱਥੇ ਵਧਾਈ ਦਿੰਦਿਆਂ ਬੌਲੀਵੁੱਡ ਅਦਾਕਾਰ ਸ਼ਾਹਰੁਖ ਖ਼ਾਨ, ਅਕਸ਼ੈ ਕੁਮਾਰ ਅਤੇ ਤਾਪਸੀ ਪੰਨੂ ਨੇ ਕਿਹਾ ਕਿ ਟੀਮ ਨੇ ਭਾਰਤ ਦਾ ਨਾਂ ਰੌਸ਼ਨ ਕੀਤਾ ਹੈ। ਭਾਰਤੀ ਪੁਰਸ਼ ਹਾਕੀ ਟੀਮ ਨੇ ਓਲੰਪਿਕ ਦੇ ਇਤਿਹਾਸ ਵਿੱਚ 41 ਸਾਲਾਂ ਬਾਅਦ ਕਾਂਸੇ ਦਾ ਤਗ਼ਮਾ ਜਿੱਤਿਆ ਹੈ। ‘ਚੱਕ ਦੇ ਇੰਡੀਆ’ ਵਿੱਚ ਮੁੱਖ ਭੂਮਿਕਾ ਨਿਭਾਉਣ ਵਾਲੇ ਸ਼ਾਹਰੁਖ ਖਾਨ ਨੇ ਟੀਮ ਦੀ ਹੌਸਲਾ-ਅਫ਼ਜ਼ਾਈ ਕਰਦਿਆਂ ਲਿਖਿਆ, ‘‘ਵਾਹ!! ਭਾਰਤੀ ਪੁਰਸ਼ ਹਾਕੀ ਟੀਮ ਨੂੰ ਵਧਾਈਆਂ। ਟੀਮ ਦਾ ਹੁਨਰ ਸਿਖਰ ’ਤੇ। ਕਿੰਨਾ ਸ਼ਾਨਦਾਰ ਮੈਚ।’’ ਇਸੇ ਤਰ੍ਹਾਂ ਅਕਸ਼ੈ ਕੁਮਾਰ ਨੇ ਟੀਮ ਦੀ ਇਤਿਹਾਸ ਰਚਣ ਲਈ ਸਰਾਹਨਾ ਕਰਦਿਆਂ ਟਵੀਟ ਕੀਤਾ, ‘‘ਭਾਰਤੀ ਟੀਮ ਨੂੰ ਮੁੜ ਇਤਿਹਾਸ ਲਿਖਣ ਦੀਆਂ ਵਧਾਈਆਂ! 41 ਸਾਲਾਂ ਬਾਅਦ ਓਲੰਪਿਕ ਤਗ਼ਮਾ! ਕਿੰਨਾ ਸ਼ਾਨਦਾਰ ਮੈਚ ਅਤੇ ਲਾਜਵਾਬ ਵਾਪਸੀ! #ਟੋਕੀਓ2020…।’’ ਇਸ ਤੋਂ ਇਲਾਵਾ ਓਲੰਪਿਕ ਵਿੱਚ ਟੀਮ ਦੀ ਜਿੱਤ ਸਬੰਧੀ ਇੱਕ ਖ਼ਬਰ ਸਾਂਝੀ ਕਰਦਿਆਂ ਤਾਪਸੀ ਨੇ ਲਿਖਿਆ, ‘‘ਅਤੇ ਇਹ ਕਾਂਸੇ ਦਾ ਤਗ਼ਮਾ ਹੈ!!!!!’’ ਅਦਾਕਾਰ ਅਨਿਲ ਕਪੂਰ ਨੇ ਟੀਮ ਦੀ ਜਿੱਤ ਨੂੰ ਇਤਿਹਾਸਕ ਦੱਸਦਿਆਂ ਕਿਹਾ ਕਿ ਉਨ੍ਹਾਂ ਦੇ ਪਿਤਾ ਮਰਹੂਮ ਸੁਰਿੰਦਰ ਕਪੂਰ ਇਹ ਜਿੱਤ ਦੇਖ ਕੇ ਬਹੁਤ ਖ਼ੁਸ਼ ਹੁੰਦੇ। ਅਦਾਕਾਰ ਨੇ ਲਿਖਿਆ, ‘‘ਵਿਲੱਖਣ ਜਿੱਤ… ਕਾਸ਼ ਮੇਰੇ ਪਿਤਾ ਇਹ ਇਤਿਹਾਸਕ ਦਿਨ ਦੇਖਣ ਲਈ ਜਿਊਂਦੇ ਹੁੰਦੇ ਤਾਂ ਉਹ ਵੀ ਬਹੁਤ ਖੁਸ਼ ਹੁੰਦੇ… ਭਾਰਤ ਦੀ ਪੁਰਸ਼ ਹਾਕੀ ਟੀਮ ਦਾ ਧੰਨਵਾਦ… ਵਧਾਈਆਂ!!!’’ ਅਦਾਕਾਰ ਰਾਹੁਲ ਬੋਸ ਨੇ ਇੰਸਟਾਗ੍ਰਾਮ ’ਤੇ ਮੈਚ ਦੀ ਇੱਕ ਵੀਡੀਓ ਸਾਂਝੀ ਕਰਦਿਆਂ ਹਾਕੀ ਟੀਮ ਅਤੇ ਖੇਡ ਵਿਭਾਗ ਨੂੰ ਵਧਾਈਆਂ ਦਿੱਤੀਆਂ। ਅਦਾਕਾਰਾ ਤਮੰਨਾ ਭਾਟੀਆ ਨੇ ਕਿਹਾ, ‘‘ਜਿੱਤ ਦੇ ਇਹ ਮਾਣਮੱਤੇ ਪਲ ਇਤਿਹਾਸ ਵਿੱਚ ਸੁਨਿਹਰੀ ਅੱਖਰਾਂ ਨਾਲ ਲਿਖੇ ਜਾਣਗੇ। ਭਾਰਤੀ ਪੁਰਸ਼ ਹਾਕੀ ਟੀਮ ਦਾ ਲਾਜਵਾਬ ਪ੍ਰਦਰਸ਼ਨ, 41 ਸਾਲਾਂ ਬਾਅਦ ਕਾਂਸੇ ਨੂੰ ਘਰ ਲਿਆ ਰਹੇ ਹੋ! ਵਧਾਈਆਂ ਟੀਮ ਇੰਡੀਆ #ਓਲੰਪਿਕ# ਚੀਅਰ4ਇੰਡੀਆ#ਬੈਕਦਿਬਲਿਊ।’’ ਇਸੇ ਤਰ੍ਹਾਂ ਦੱਖਣ ਭਾਰਤੀ ਫਿਲਮਾਂ ਦੇ ਅਦਾਕਾਰ ਨਵੀਨ ਪੌਲੀ, ਫਿਲਮ ਨਿਰਮਾਤਾ ਮਧੁਰ ਭੰਡਾਰਕਰ ਅਤੇ ਅਦਾਕਾਰ ਅਮਾਇਰਾ ਦਸਤੂਰ ਨੇ ਵੀ ਭਾਰਤੀ ਪੁਰਸ਼ ਹਾਕੀ ਟੀਮ ਨੂੰ ਇਸ ਸ਼ਾਨਦਾਰ ਜਿੱਤ ਬਦਲੇ ਵਧਾਈਆਂ ਦਿੱਤੀਆਂ।