ਰਘੁਵੀਰ ਸਿੰਘ ਕਲੋਆ
ਇਹ ਧਨੀ ਰਾਮ ਦਾ ਰੋਜ਼ ਦਾ ਕੰਮ ਸੀ, ਸਵੇਰੇ-ਸਵੇਰੇ ਸਬਜ਼ੀ ਮੰਡੀ ਤੋਂ ਸਬਜ਼ੀ ਲਿਆ ਕੇ ਉਹ ਉਨ੍ਹਾਂ ਨੂੰ ਵੱਖ-ਵੱਖ ਟੋਕਰੀਆਂ ਵਿੱਚ ਸਜਾ ਲੈਂਦਾ। ਆਲੂ, ਪਿਆਜ਼, ਟਮਾਟਰ ਆਦਿ ਸਭ ਸਬਜ਼ੀਆਂ ਉਸ ਨੇ ਆਪਣੀ ਛੋਟੀ ਜਿਹੀ ਦੁਕਾਨ ਅੰਦਰ ਬੜੇ ਸਲੀਕੇ ਨਾਲ ਰੱਖੀਆਂ ਹੁੰਦੀਆਂ। ਸਬਜ਼ੀਆਂ ਨੂੰ ਤਰੋ-ਤਾਜ਼ਾ ਰੱਖਣ ਲਈ ਉਹ ਇਨ੍ਹਾਂ ਉੱਪਰ ਹਲਕਾ-ਹਲਕਾ ਪਾਣੀ ਵੀ ਛਿੜਕ ਦਿੰਦਾ। ਅੱਜ ਵੀ ਆਪਣਾ ਸਵੇਰ ਵਾਲਾ ਇਹ ਕੰਮ ਨਿਪਟਾਅ ਉਹ ਇਸੇ ਦੁਕਾਨ ਪਿੱਛੇ ਰੱਖੀ ਆਪਣੀ ਰਿਹਾਇਸ਼ ’ਤੇ ਰੋਟੀ ਖਾਣ ਚਲਾ ਗਿਆ। ਉਸ ਦੇ ਜਾਣ ਦੀ ਦੇਰ ਸੀ ਕਿ ਉਸ ਪਿੱਛੋਂ ਵੱਖ-ਵੱਖ ਟੋਕਰੀਆਂ ਵਿੱਚ ਪਈਆਂ ਇਹ ਸਬਜ਼ੀਆਂ ਇੱਕ ਦੂਜੇ ਨਾਲ ਗੱਲਾਂ ਕਰਦੀਆਂ ਬਹਿਸ ’ਤੇ ਉਤਰ ਆਈਆਂ।
‘‘ਤੁਹਾਡੇ ਸਾਰਿਆਂ ’ਚੋਂ ਹੈ ਕਿਸੇ ਕੋਲ ਮੇਰੇ ਵਰਗਾ ਸੁਰਖ ਰੰਗ?’
ਲਾਲ ਟਮਾਟਰਾਂ ਨੇ ਆਪਣੇ ਰੰਗ ਦੇ ਘੁਮੰਡ ਵਿੱਚ ਇਹ ਆਖਿਆ ਤਾਂ ਭਿੰਡੀ ਤੋਰੀ ਨੇ ਉਸ ਨੂੰ ਤੁਰੰਤ ਜੁਆਬ ਦਿੱਤਾ,
‘‘ਤੇਰੇ ਰੰਗ ਨੂੰ ਕੀ ਕਰਨਾ? ਮੇਰੀ ਤੁਲਨਾ ਤਾਂ ਲੋਕ ਔਰਤਾਂ ਦੀਆਂ ਉਂਗਲਾਂ ਨਾਲ ਕਰਦੇ ਨੇ।’’
ਇਹ ਸੁਣ ਫੁੱਲ ਗੋਭੀ ਆਖਣ ਲੱਗੀ,
‘‘ਸੋਹਣੇ ਤਾਂ ਫੁੱਲ ਹੁੰਦੇ ਨੇ ਤੇ ਸਬਜ਼ੀਆਂ ਵਿੱਚ ਇੱਕ ਮੈਂ ਹੀ ਹਾਂ ਜਿਸ ਨੂੰ ਲੋਕ ਫੁੱਲ ਕਹਿ ਕੇ ਵਡਿਆਉਂਦੇ ਨੇ।’’
ਆਪਣੇ ਸਿਰ ਦੀ ਡੰਡੀ ਹਿਲਾਉਂਦਿਆਂ ਬੈਂਗਣ ਨੇ ਵੀ ਬਾਕੀਆਂ ’ਤੇ ਰੋਅਬ ਜਮਾਇਆ,
‘‘ਮੇਰਾ ਸਿਰ ’ਤੇ ਤਾਂ ਬਾਦਸ਼ਾਹਾਂ ਵਾਂਗ ਤਾਜ ਬਣਿਆ, ਦੱਸੋ ਮੇਰੇ ਤੋਂ ਕਿਹੜਾ ਵਧਕੇ ਹੈ?’’
ਹੁਣ ਆਲੂਆਂ ਦੀ ਵਾਰੀ ਸੀ,
‘‘ਮੇਰੇ ਬਿਨਾਂ ਤਾਂ ਕੋਈ ਸਬਜ਼ੀ ਨਹੀਂ ਬਣਦੀ, ਮੈਂ ਭਲਾ ਕਿਸੇ ਤੋਂ ਘੱਟ ਹਾਂ।’’
ਮੂੰਹ ਅੱਡਦਾ ਹਲਵਾ ਕੱਦੂ ਆਪਣੀ ਵਿਸ਼ੇਸ਼ਤਾ ਦੱਸਣ ਲੱਗਾ,
‘‘ਤੁਸੀਂ ਤਾਂ ਸਾਰੇ ਮੇਰੇ ਸਾਹਮਣੇ ਪਿੱਦੂ ਜਿਹੇ ਹੋ, ਤੁਹਾਡੇ ਵਿੱਚ ਅਸਲ ਭਲਵਾਨ ਤਾਂ ਬਸ ਮੈਂ ਹੀ ਹਾਂ।’’
ਇਸ ਤਰ੍ਹਾਂ ਸਾਰੇ ਹੀ ਆਪੋ-ਆਪਣੀ ਵਿਸ਼ੇਸ਼ਤਾ ਦੱਸ ਕੇ ਇੱਕ ਦੂਜੇ ਨੂੰ ਨੀਵਾਂ ਦਿਖਾਉਣ ਲੱਗੇ। ਇੱਕ ਟੋਕਰੀ ਵਿੱਚ ਪਏ ਕਰੇਲੇ ਇਹ ਸਭ ਚੁੱਪ-ਚਾਪ ਕਿੰਨੀ ਦੇਰ ਤੋਂ ਸੁਣ ਰਹੇ ਸਨ। ਆਪਣੀ ਚੁੱਪ ਤੋੜਦਿਆਂ ਉਨ੍ਹਾਂ ਸਭ ਨੂੰ ਸਮਝਾਇਆ,
‘‘ਐਵੇਂ ਕਿਉਂ ਰੌਲਾ ਪਾਉਂਦੇ ਹੋ? ਬਾਹਰੀ ਰੰਗ ਰੂਪ ਤਾਂ ਸਿਰਫ਼ ਦਿਖਾਵਾ ਹੁੰਦਾ, ਅਸਲੀ ਗੁਣ ਤਾਂ ਅੰਦਰੂਨੀ ਹੁੰਦੇ ਹਨ।’’
ਕਰੇਲਿਆਂ ਦੇ ਇਹ ਕਹਿਣ ਦੀ ਦੇਰ ਹੀ ਸੀ ਕਿ ਸਾਰੇ ਆਪੋ-ਆਪਣੀ ਲੜਾਈ ਛੱਡ ਉਨ੍ਹਾਂ ਨੂੰ ਟੁੱਟ ਕੇ ਪੈ ਗਏ,
‘‘ਨਾ ਇਨ੍ਹਾਂ ਦਾ ਰੰਗ ਨਾ ਰੂਪ ਤੇ ਸਾਨੂੰ ਮੱਤਾਂ ਦਿੰਦੇ।’’
‘‘ਇਹ ਕਰੇਲੇ ਤਾਂ ਹੁੰਦੇ ਹੀ ਕੁੜੱਤਣ ਦੇ ਭਰੇ, ਪਤਾ ਨਹੀਂ ਲਾਲੇ ਨੇ ਕਿਉਂ ਰੱਖ ਦਿੱਤੇ ਸਾਡੇ ਵਿਚਕਾਰ, ਭਲਾ ਇਨ੍ਹਾਂ ਨੂੰ ਕਿਸ ਨੇ ਖਰੀਦਣਾ?’’
ਇੰਜ ਵਾਰੋ-ਵਾਰੀ ਉਹ ਸਾਰੇ ਕਰੇਲਿਆਂ ਨੂੰ ਟਿੱਚਰਾਂ ਕਰ ਕੇ ਖਿੜ-ਖਿੜ ਹੱਸਣ ਲੱਗੇ।
ਇੰਨੇ ਨੂੰ ਧਨੀ ਰਾਮ ਨੂੰ ਵਾਪਸ ਆਉਂਦਿਆਂ ਵੇਖ ਕੇ ਉਹ ਸਾਰੇ ਚੁੱਪ ਕਰ ਗਏ। ਧਨੀ ਰਾਮ ਆ ਕੇ ਹਾਲੇ ਆਪਣੀ ਗੱਦੀ ’ਤੇ ਬੈਠਿਆ ਹੀ ਸੀ ਕਿ ਇੱਕ ਔਰਤ ਸਬਜ਼ੀ ਲੈਣ ਆ ਗਈ। ਵੱਖ-ਵੱਖ ਟੋਕਰੀਆਂ ਵੱਲ ਗਹੁ ਨਾਲ ਤੱਕਦਿਆਂ ਜਿਉਂ ਹੀ ਉਸ ਦੀ ਨਜ਼ਰ ਕਰੇਲਿਆਂ ’ਤੇ ਗਈ ਤਾਂ ਉਹ ਧਨੀ ਰਾਮ ਨੂੰ ਪੁੱਛਣ ਲੱਗੀ,
‘‘ਲਾਲਾ ਜੀ! ਆਹ ਕਰੇਲੇ ਕਿਵੇਂ ਲਾਏ ਆ?’’
‘‘ਭੈਣ ਜੀ, ਇਹ ਜ਼ਰਾ ਮਹਿੰਗੇ ਮਿਲੇ ਅੱਜ, ਅੱਸੀ ਰੁਪਏ ਕਿਲੋ।’’ ਧਨੀ ਰਾਮ ਨੇ ਕਰੇਲਿਆਂ ਦੇ ਮਹਿੰਗੇ ਹੋਣ ਦੀ ਮਜਬੂਰੀ ਦੱਸੀ ਤਾਂ ਉਹ ਔਰਤ ਫਿਰ ਵੀ ਇਹ ਕਹਿੰਦਿਆਂ ਕਰੇਲਿਆਂ ਨੂੰ ਤੱਕੜੀ ਦੇ ਛਾਬੇ ਵਿੱਚ ਪਾਉਣ ਲੱਗੀ,
‘‘ਕੋਈ ਨਾ ਜਾਨ ਨਾਲੋਂ ਤਾਂ ਨ੍ਹੀਂ ਮਹਿੰਗੇ, ਇਹ ਤਾਂ ਬੜੇ ਗੁਣਕਾਰੀ ਹੁੰਦੇ, ਕਈ ਰੋਗਾਂ ਦਾ ਇਲਾਜ ਕਰਦੇ ਨੇ।’’ ਇਹ ਆਖ ਉਹ ਔਰਤ ਕਰੇਲੇ ਲੈ ਕੇ ਤੁਰਦੀ ਬਣੀ। ਸਵੇਰੇ-ਸਵੇਰੇ ਬਹੁਣੀ ਹੋ ਜਾਣ ਕਾਰਨ ਧਨੀ ਰਾਮ ਵੀ ਖੁਸ਼ ਸੀ। ਇੱਕ ਦੂਜੇ ਵੱਲ ਬਿਟਰ-ਬਿਟਰ ਝਾਕਦੀਆਂ ਸਭ ਸਬਜ਼ੀਆਂ ਦਾ ਘੁਮੰਡ ਹੁਣ ਉਤਰ ਚੁੱਕਾ ਸੀ। ਉਨ੍ਹਾਂ ਦੇ ਕੰਨੀ ਕਰੇਲਿਆਂ ਦੇ ਇਹ ਬੋਲ ਵਾਰ-ਵਾਰ ਗੂੰਜ ਰਹੇ ਸਨ,
‘‘ਬਾਹਰੀ ਰੰਗ-ਰੂਪ ਤਾਂ ਦਿਖਾਵਾ ਹੁੰਦਾ, ਅਸਲੀ ਗੁਣ ਤਾਂ ਅੰਦਰੂਨੀ ਹੁੰਦੇ ਨੇ।’’