ਚੰਡੀਗੜ•, 21 ਮਈ :  ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਬੁਲਾਰੇ ਸ੍ਰ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਤੇ ਆਪ ਦੇ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਨੇ ਉਹਨਾਂ ਨੂੰ ਕਤਲ ਕਰਾਉਣ ਦਾ ਦੋਸ਼ ਲਗਾ ਕੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਬਦਨਾਮੀ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਅਸਲੀਅਤ ਇਹ ਹੈ ਕਿ ਦਿੱਲੀ ਦੇ ਲੋਕਾਂ ਨੇ ਰਾਸ਼ਟਰੀ ਰਾਜਧਾਨੀ ਵਿਚ ਉਸਦੇ ਸਾਰੇ ਲੋਕ ਸਭਾ ਉਮੀਦਵਾਰ ਠੁਕਰਾ ਕੇ ਪਹਿਲਾਂ ਹੀ ਉਸਦਾ ਸਿਆਸੀ ਕਤਲ ਕਰ ਦਿੱਤਾ ਹੈ।

ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ੍ਰੀ ਸਿਰਸਾ ਨੇ ਕਿਹਾ ਕਿ ਸ੍ਰੀ ਕੇਜਰੀਵਾਲ ਨੇ ਆਪਣਾ ਸਿਆਸੀ ਕੈਰੀਅਰ ਬਚਾਉਣ ਵਾਸਤੇ ਬਹੁਤ ਹੇਠਲੇ ਪੱਧਰ ‘ਤੇ ਡਿੱਗ ਕੇ ਰਾਜਨੀਤੀ ਕੀਤੀ ਹੈ। ਉਹਨਾਂ ਕਿਹਾ ਕਿ ਉਹ ਹਮੇਸ਼ਾ ਸਿਰੇ ਦੇ ਡਰਾਮੇਬਾਜ਼ ਵਜੋਂ ਮਸ਼ਹੂਰ ਰਹੇ ਹਨ ਜੋ ਕਿ ਮਾਨਸਿਕ ਤੇ ਨੈਤਿਕ ਤੌਰ ‘ਤੇ ਭ੍ਰਿਸ਼ਟ ਹੋ ਚੁੱਕੇ ਹਨ ਅਤੇ ਸਰਕਾਰ ਚਲਾਉਣ ਤੋਂ ਅਸਮਰਥ ਹਨ। ਉਹਨਾਂ ਕਿਹਾ ਕਿ ਉਹ ਜਾਣਦੇ ਹਨ ਕਿ ਰਾਸ਼ਟਰੀ ਰਾਜਧਾਨੀ ਵਿਚ ਉਹਨਾਂ ਦੇ ਸਾਰੇ 7 ਉਮੀਦਵਾਰ ਚੋਣ ਹਾਰ ਜਾਣਗੇ ਅਤੇ ਕੁਝ ਦੀ ਤਾਂ ਜ਼ਮਾਨਤ ਵੀ ਜ਼ਬਤ ਹੋ ਸਕਦੀ ਹੈ।

ਸ੍ਰੀ ਸਿਰਸਾ ਨੇ ਕਿਹਾ ਕਿ ਕਤਲ ਬਾਰੇ ਟਵੀਟ ਸ੍ਰੀ ਕੇਜਰੀਵਾਲ ਵੱਲੋਂ ਬੁਰੀ ਤਰ•ਾਂ ਮਿਲਣ ਵਾਲੀ ਹਾਰ ਤੋਂ ਬਚਾਅ ਲਈ ਲੋਕਾਂ ਦੀ ਹਮਦਰਦੀ ਹਾਸਲ ਕਰਨ ਦਾ ਕੋਝਾ ਯਤਨ ਹੈ। ਉਹਨਾਂ ਕਿਹਾ ਕਿ ਅਸਲ ਵਿਚ ਇਹ ਉਹਨਾਂ ਵੱਲੋਂ ਆਪਣੀ ਪਾਰਟੀ ਤੇ ਆਪਣੇ ਸਿਆਸੀ ਜੀਵਨ ਨੂੰ ਬਚਾਉਣ ਦਾ ਆਖਰੀ ਯਤਨ ਹੈ ਕਿਉਂਕਿ ਦਿੱਲੀ ਦੇ ਲਕਾਂ ਨੇ ਪਹਿਲਾਂ ਹੀ ਉਹਨਾਂ ਦੇ ਉਮੀਦਵਾਰਾਂ ਖਿਲਾਫ ਵੋਟ ਪਾ ਕੇ ਉਹਨਾਂ ਨੂੰ ਸਿਆਸੀ ਤੌਰ ‘ਤੇ ਖਤਮ ਕਰ ਦਿੱਤਾ ਹੈ।

ਅਕਾਲੀ ਨੇਤਾ ਨੇ ਕਿਹਾ ਕਿ ਸ੍ਰੀ ਕੇਜਰੀਵਾਲ ਲਈ ਕੌੜੀ ਸੱਚਾਈ ਇਹ ਹੈ ਕਿ ਦਿੱਲੀ ਦੇ ਲੋਕ ਵਿਧਾਨ ਸਭਾ ਚੋਣਾਂ ਦੀ ਸ਼ਿੱਦਤ ਨਾਲ ਉਡੀਕ ਕਰ ਰਹੇ ਹਨ ਤਾਂ ਕਿ ਉਹਨਾਂ ਤੋਂ ਖਹਿੜਾ ਛੁੱਟ ਸਕੇ। ਉਹਨਾਂ ਕਿਹਾ ਕਿ ਆਪਣੇ ਕਾਰਜਕਾਲ ਦੌਰਾਨ ਸ੍ਰੀ ਕੇਜਰੀਵਾਲ ਨੇ ਲੋਕਾਂ ਦੀ ਭਲਾਈ ਵਾਸਤੇ ਇਕ ਵੀ ਕੰਮ ਨਹੀਂ ਕੀਤਾ ਤੇ ਹਮੇਸ਼ਾ ਖਬਰਾਂ ਵਿਚ ਰਹਿਣ ਵਾਸਤੇ ਡਰਾਮੇਬਾਜ਼ੀ ਕੀਤੀ। ਉਹਨਾਂ ਕਿਹਾ ਕਿ ਚੋਣ ਮਨੋਰਥ ਪੱਤਰ ਵਿਚ ਸ਼ਾਮਲ ਉਹਨਾਂ ਦੇ ਸਾਰੇ ਵਾਅਦੇ  ਕੂੜੇਦਾਨ ਵਿਚ ਪਹੁੰਚ ਗਏ ਹਨ ਅਤੇ ਵਿਕਾਸ ਤੇ ਲੋਕਾਂ ਦੀ ਭਲਾਈ ਕਦੇ ਵੀ ਇੰਨੇ ਸਾਲਾਂ ਵਿਚ ਕੇਜਰੀਵਾਲ ਦੇ ਏਜੰਡੇ ਵਿਚ ਸ਼ਾਮਲ ਨਹੀਂ ਰਿਹਾ।

ਉਹਨਾਂ ਕਿਹਾ ਕਿ ਇਹ ਸ੍ਰੀ ਕੇਜਰੀਵਾਲ ਵੀ ਆਪਣੀ ਸਿਆਸੀ ਅਸਲੀਅਤ ਤੋਂ ਜਾਣੂ ਹਨ ਅਤੇ ਇਸੇ ਵਾਸਤੇ ਉਹ ਇਹਨਾਂ ਚੋਣਾਂ ਦੌਰਾਨ  ਗਠਜੋੜ ਲਈ ਕਾਂਗਰਸ ਪਾਰਟੀ ਦੇ ਤਰਲੇ ਕਰਦੇ ਰਹੇ। ਉਹਨਾਂ ਕਿਹਾ ਕਿ ਹੁਣ ਜਦੋਂ ਲੋਕਾਂ ਨੇ ਉਹਨਾਂ ਨੂੰ ਸਿਆਸੀ ਤੌਰ ‘ਤੇ ਖਤਮ ਕਰਨ ਦਾ ਫੈਸਲਾ ਕਰ ਲਿਆ ਹੈ ਤਾਂ ਉਹਨਾਂ ਨੇ ਕਤਲ ਦੀ ਗੱਲ ਕਰਦਿਆਂ ਨਵਾਂ ਡਰਾਮਾ ਸ਼ੁਰੂ ਕਰ ਦਿੱਤਾ ਹੈ। ਸ੍ਰੀ ਸਿਰਸਾ ਨੇ ਟਿੱਪਣੀ ਕੀਤੀ ਕਿ ਜਿਸ ਵਿਅਕਤੀ ਦੀ ਪਾਰਟੀ ਨੂੰ ਸਾਰੇ ਦੇਸ਼ ਵਿਚੋਂ ਇਕ ਵੀ ਸੀਟ ਨਾ ਮਿਲੀ ਹੋਵੇ, ਉਸਦਾ ਕਤਲ ਕੋਈ ਕਿਉਂ ਕਰਨਾ ਚਾਹੇਗਾ ?