ਮੁੰਬਈ: ਗਾਇਕ ਅਰਮਾਨ ਮਲਿਕ ਨੇ ਆਪਣੀ ਦੋਸਤ ਆਸ਼ਨਾ ਸ਼ਰੌਫ ਨਾਲ ਮੰਗਣੀ ਕਰਵਾ ਲਈ ਹੈ। ਇਹ ਜਾਣਕਾਰੀ ਅਰਮਾਨ ਨੇ ਅੱਜ ਆਪਣੇ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਸਾਂਝੀ ਕੀਤੀ। ਇੰਸਟਾਗ੍ਰਾਮ ’ਤੇ ਸਾਂਝੀਆਂ ਕੀਤੀਆਂ ਤਸਵੀਰਾਂ ਨਾਲ ਅਰਮਾਨ ਨੇ ਕਿਹਾ, ‘…ਤੇ ਸਾਡਾ ਇਕੱਠਿਆਂ ਸਫ਼ਰ ਹਾਲੇ ਸ਼ੁਰੂ ਹੋਇਆ ਹੈ।’ ਜ਼ਿਕਰਯੋਗ ਹੈ ਕਿ ਆਸ਼ਨਾ ਸ਼ਰੌਫ਼ ਸੋਸ਼ਲ ਮੀਡੀਆ ’ਤੇ ਵੀਡੀਓਜ਼ ਪਾਉਂਦੀ ਹੈ। ਸਾਂਝੀਆਂ ਕੀਤੀਆਂ ਤਸਵੀਰਾਂ ਵਿੱਚੋਂ ਇੱਕ ਵਿੱਚ ਅਰਮਾਨ ਗੋਡੇ ਭਾਰ ਝੁਕ ਕੇ ਆਸ਼ਨਾ ਨੂੰ ਵਿਆਹ ਲਈ ਪਰਪੋਜ਼ ਕਰਦਾ ਦਿਖਾਈ ਦੇ ਰਿਹਾ ਹੈ। ਇਕ ਹੋਰ ਤਸਵੀਰ ਵਿੱਚ ਦੋਵੇਂ ਮੁਸਕੁਰਾਉਂਦੇ ਹੋਏ ਦਿਖਾਈ ਦੇ ਰਹੇ ਹਨ ਤੇ ਇੱਕ ਹੋਰ ਤਸਵੀਰ ਵਿੱਚ ਦੋਵਾਂ ਨੇ ਇੱਕ ਦੂਜੇ ਨੂੰ ਜੱਫੀ ਵਿੱਚ ਲਿਆ ਹੋਇਆ ਹੈ। ਆਸ਼ਨਾ ਨੇ ਵੀ ਇਹ ਤਸਵੀਰਾਂ ਆਪਣੇ ਅਕਾਊਂਟ ’ਤੇ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ ਨਾਲ ਉਸ ਨੇ ਲਿਖਿਆ ਹੈ, ‘ਤੇਰਾ ਮੇਰੇ ’ਤੇ ਭਰੋਸਾ ਕਰਨਾ ਮੈਨੂੰ ਤੇਰੇ ’ਤੇ ਭਰੋਸਾ ਕਰਨ ਲਾ ਗਿਆ।’ ਦੋਵਾਂ ਵੱਲੋਂ ਸਾਂਝੀ ਕੀਤੀ ਗਈ ਇਸ ਖੁਸ਼ਖਬਰੀ ’ਤੇ ਦੋਸਤਾਂ ਤੇ ਪ੍ਰਸ਼ੰਸਕਾਂ ਨੇ ਵੀ ਸ਼ੁਭਕਾਮਨਾਵਾਂ ਦਿੱਤੀਆਂ ਹਨ। ਇਸ ਮੌਕੇ ਰੀਆ ਚਕਰਬਰਤੀ ਨੇ ਕਿਹਾ, ‘ਬਹੁਤ ਬਹੁਤ ਮੁਬਾਰਕਬਾਦ’। ਅਦਾਕਾਰ ਇਸ਼ਾਨ ਖੱਟਰ ਨੇ ਕਿਹਾ, ‘ਤੁਹਾਨੂੰ ਦੋਵਾਂ ਨੂੰ ਬਹੁਤ ਬਹੁਤ ਵਧਾਈਆਂ’। ਗਾਇਕਾ ਸੁਕ੍ਰਿਤੀ ਕੱਕੜ ਨੇ ਕਿਹਾ, ‘ਵਾਹ…ਮੁਬਾਰਕਬਾਦ’। ਇਸੇ ਤਰ੍ਹਾਂ ਗਾਇਕਾ ਹਰਸ਼ਦੀਪ ਕੌਰ ਨੇ ਕਿਹਾ, ‘ਮੁਬਾਰਕਾਂ…ਸਦਾ ਪਿਆਰ ਤੇ ਖੁਸ਼ੀਆਂ ਨਾਲ ਭਰੇ ਰਹੋ।’