ਮੁੰਬਈ, 24 ਨਵੰਬਰ

ਅਮਿਤਾਭ ਬੱਚਨ ਨੇ ਅੱਜ ਆਪਣੇ ਪ੍ਰਸ਼ੰਸਕਾਂ ਨੂੰ ਕਰੋਨਾ ਮਹਾਮਾਰੀ ਦਾ ਬਹਾਦਰੀ ਨਾਲ ਸਾਹਮਣਾ ਕਰਨ ਲਈ ਉਤਸ਼ਾਹਿਤ ਕਰਦਿਆਂ ਇੱਕ ਸੰਦੇਸ਼ ਜ਼ਰੀਏ ਕਿਹਾ ਕਿ ਉਹ ਇਕੱਲੇ ਨਹੀਂ ਹਨ। ਬਿੱਗ ਬੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਇੱਕ ਸੈਲਫੀ ਸਾਂਝੀ ਕੀਤੀ, ਜਿਸ ਵਿੱਚ ਉਹ ਆਪਣੀ ਕਾਰ ਵਿੱਚ ਮਾਸਕ ਪਾਈ ਕੰਮ ਲਈ ਸਫ਼ਰ ਕਰਦੇ ਦਿਖਾਈ ਦਿੰਦੇ ਹਨ।

ਉਨ੍ਹਾਂ ਤਸਵੀਰ ਦੇ ਹੇਠਾਂ ਲਿਖਿਆ, ‘‘ਕੰਮ ਤੋਂ ਬਾਹਰ…ਹਰ ਰੋਜ਼ ਦੀ ਤਰ੍ਹਾਂ ਲੰਮਾ ਦਿਨ.. ਸੁਰੱਖਿਅਤ ਰਹੋ.. ਤੁਸੀਂ ਇਕੱਲੇ ਨਹੀਂ ਹੋ..ਅਸੀਂ ਸਾਰੇ ਇਕੱਠੇ ਹਾਂ ਤੇ ਲੜਨ ਲਈ ਇਕੱਠੇ ਰਹਾਂਗੇ…ਤੁਹਾਨੂੰ ਸਾਰਿਆਂ ਨੂੰ ਪਿਆਰ।’’ ਬੱਚਨ ਇਨ੍ਹੀਂ ਦਿਨੀਂ ਟੈਲੀਵਿਜ਼ਨ ’ਤੇ ਪ੍ਰਸਿੱਧ ਕੁਇੱਜ਼ ਸ਼ੋਅ ‘ਕੌਨ ਬਣੇਗਾ ਕਰੋੜਪਤੀ’ ਦੀ ਮੇਜ਼ਬਾਨੀ ਕਰਦੇ ਨਜ਼ਰ ਆ ਰਹੇ ਹਨ ਅਤੇ ਉਹ ਸੋਸ਼ਲ ਮੀਡੀਆ ’ਤੇ ਆਪਣੇ ਪ੍ਰਸ਼ੰਸਕਾਂ ਅਤੇ ਫਾਲੋਅਰਜ਼ ਲਈ ਕੰਮ ਨਾਲ ਸਬੰਧਤ ਅਪਡੇਟ ਸਾਂਝੇ ਕਰਦੇ ਰਹਿੰਦੇ ਹਨ।

ਅਦਾਕਾਰ ਨੇ ਕੁਝ ਦਿਨ ਪਹਿਲਾ ਟਵੀਟ ਕੀਤਾ ਸੀ, ‘‘ਕੰਮ ’ਤੇ… ਅਤੇ ਛੇਤੀ ਦੁਪਹਿਰ ਦੇ ਖਾਣੇ ਲਈ ਛੋਟੀ ਬਰੇਕ..ਇਸ ’ਤੇ ਸਵੇਰੇ 6 ਵਜੇ ਤੋਂ ਅਤੇ ਜੇ ਸਭ ਕੁਝ ਠੀਕ ਰਿਹਾ ਤਾਂ ਕੁਝ ਘੰਟਿਆਂ ’ਚ ਹੀ ਸਮੇਟ ਲਿਆ ਜਾਵੇਗਾ ਅਤੇ ਫਿਰ ਜਿਮ ਜਿਮ ਜਿਮ।’’

ਅਮਿਤਾਭ ਇਨ੍ਹੀਂ ਦਿਨੀਂ ਆਪਣੇ ਭਵਿੱਖ ’ਚ ਆਉਣ ਵਾਲੇ ਕਈ ਪ੍ਰਾਜੈਕਟਾਂ ਦੇ ਕੰਮ ਵਿੱਚ ਰੁਝੇ ਹੋਏ ਹਨ, ਇਨ੍ਹਾਂ ਵਿੱਚੋਂ ਨਾਗਰਾਜ ਮੰਜੁਲੇ ਦੀ ਫ਼ਿਲਮ ‘ਝੁੰਡ’, ਅਦਾਕਾਰ ਇਮਰਾਨ ਹਾਸ਼ਮੀ ਨਾਲ ‘ਚਿਹਰੇ’ ਅਤੇ ਅਯਾਨ ਮੁਖਰਜੀ ਦੀ ਐਕਸ਼ਨ ਡਰਾਮਾ ਫ਼ਿਲਮ ‘ਬ੍ਰਹਮਾਸਤਰਾ’ ਜਿਸ ’ਚ ਉਹ ਰਣਬੀਰ ਕਪੂਰ ਅਤੇ ਆਲੀਆ ਭੱਟ ਨਾਲ ਨਜ਼ਰ ਆਉਣਗੇ। ਬਿੱਗ ਬੀ ਨੇ ਹਾਲ ਹੀ ’ਚ ਅਦਾਕਾਰਾ ਦੀਪਿਕਾ ਪਾਦੂਕੋਨ ਅਤੇ ਤੇਲਗੂ ਅਦਾਕਾਰ ਪ੍ਰਭਾਸ ਨਾਲ ਬਹੁ-ਭਾਸ਼ਾਈ ਫਿਲਮ ਵੀ ਸਾਈਨ ਕੀਤੀ ਹੈ।