ਮੁੰਬਈ, 13 ਅਕਤੂਬਰ
ਆਪਣੇ ਜਨਮਦਿਨ ਤੋਂ ਇੱਕ ਦਿਨ ਬਾਅਦ ਫਿਲਮ ਅਦਾਕਾਰ ਅਮਿਤਾਭ ਬੱਚਨ ਨੇ ਆਪਣੇ ਪ੍ਰਸ਼ੰਸਕਾਂ ਤੋਂ ਮੁਆਫ਼ੀ ਮੰਗੀ ਹੈ ਜੋ ਉਨ੍ਹਾਂ ਦੇ ਬੰਗਲੇ ਜਲਸਾ ਦੇ ਬਾਹਰ ਹੱਥਾਂ ’ਚ ਬੈਨਰ ਫੜੀ ਉਨ੍ਹਾਂ ਦੀ ਇੱਕ ਝਲਕ ਲਈ ਉਡੀਕ ਕਰਦੇ ਰਹੇ।
ਬੀਤੇ ਦਿਨ ਆਪਣਾ 78ਵਾਂ ਜਨਮਦਿਨ ਮਨਾਉਣ ਵਾਲੇ ਅਮਿਤਾਭ ਨੇ ਆਪਣੇ ਬਲੌਗ ’ਤੇ ਆਪਣੇ ਪ੍ਰਸ਼ੰਸਕਾਂ ਨੂੰ ਨਾ ਮਿਲ ਸਕਣ ਲਈ ਮੁਆਫ਼ੀ ਮੰਗੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਬਾਹਰ ਨਿਕਲਣ ਦੀ ਇਜਾਜ਼ਤ ਨਹੀਂ ਹੈ। ਉਨ੍ਹਾਂ ਲਿਖਿਆ, ‘ਜੋ ਜਲਸਾ ਦੇ ਬਾਹਰ ਖੜ੍ਹੇ ਰਹੇ ਮੈਂ ਉਨ੍ਹਾਂ ਤੋਂ ਮੁਆਫ਼ੀ ਮੰਗਦਾ ਹਾਂ। ਮੈਂ ਸਾਰਿਆਂ ਦਾ ਸ਼ੁਭ ਕਾਮਨਾਵਾਂ ਲਈ ਧੰਨਵਾਦ ਕਰਦਾ ਹਾਂ ਪਰ ਮੈਨੂੰ ਬਾਹਰ ਨਿਕਲਣ ਦੀ ਇਜਾਜ਼ਤ ਨਹੀਂ ਹੈ। ਸੰਭਾਲ ਬਹੁਤ ਜ਼ਰੂਰੀ ਹੈ। ਇਸ ਲਈ ਮੁਆਫ਼ ਕਰੋ।’ ਉਨ੍ਹਾਂ ਲਿਖਿਆ, ‘ਮੈਂ ਭਲਕੇ ਆਪਣਾ ਕੰਮ ਜਲਦੀ ਮੁਕਾ ਲਵਾਂਗਾ ਤੇ ਉਨ੍ਹਾਂ ਸਾਰਿਆਂ ਨੂੰ ਜਵਾਬ ਦੇਵਾਂਗਾ ਜਿਨ੍ਹਾਂ ਮੈਨੂੰ ਸ਼ੁਭ ਕਾਮਨਾਵਾਂ ਭੇਜੀਆਂ ਹਨ।’ ਇਸ ਪੋਸਟ ਦੇ ਨਾਲ ਹੀ ਉਨ੍ਹਾਂ ‘ਕੌਨ ਬਨੇਗਾ ਕਰੋੜਪਤੀ’ ਦੇ 12ਵੇਂ ਸੀਜ਼ਨ ਦੀ ਸ਼ੂਟਿੰਗ ਸਮੇਂ ਦੀ ਆਪਣੀ ਤਸਵੀਰ ਵੀ ਸਾਂਝੀ ਕੀਤੀ ਹੈ।