ਮੁੰਬਈ:ਸੀਨੀਅਰ ਅਦਾਕਾਰ ਜੋੜੀ ਅਮਿਤਾਭ ਬੱਚਨ ਅਤੇ ਜਯਾ ਬੱਚਨ ਦੇ ਵਿਆਹ ਨੂੰ ਅੱਜ 50 ਸਾਲ ਪੂਰੇ ਹੋ ਗਏ ਹਨ। ਇਸ ਮੌਕੇ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਭੇਟ ਕਰਨ ਵਾਲੇ ਪ੍ਰਸ਼ੰਸਕਾਂ ਦਾ ਅਦਾਕਾਰ ਨੇ ਧੰਨਵਾਦ ਕੀਤਾ। ਦੋਵਾਂ ਦਾ ਵਿਆਹ 1973 ਵਿੱਚ ਹੋਇਆ ਸੀ। ਇਸ ਦਿਨ ਦੀ ਵਧਾਈ ਦਿੰਦਿਆਂ ਵੱਡੀ ਗਿਣਤੀ ਪ੍ਰਸ਼ੰਸਕਾਂ ਨੇ ਅੱਜ ਅਮਿਤਾਭ ਬੱਚਨ ਤੇ ਜਯਾ ਬੱਚਨ ਨੂੰ ਸ਼ੁਭਕਾਮਨਾਵਾਂ ਦਿੱਤੀਆਂ, ਜਿਨ੍ਹਾਂ ਦਾ ਧੰਨਵਾਦ ਕਰਦਿਆਂ ਅਮਿਤਾਭ ਨੇ ਕਿਹਾ, ‘ਮੈਨੂੰ ਤੇ ਜਯਾ ਬੱਚਨ ਨੂੰ ਵਿਆਹ ਦੀ 50ਵੀਂ ਵਰ੍ਹੇਗੰਢ ਮੌਕੇ ਸ਼ੁਭਕਾਮਨਾਵਾਂ ਦੇਣ ਵਾਲਿਆਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਹਾਂ। ਤੁਹਾਡਾ ਪਿਆਰ ਅਤੇ ਅਪਣੱਤ ਹੀ ਸਾਨੂੰ ਸਭ ਤੋਂ ਵੱਧ ਖੁਸ਼ੀ ਦਿੰਦੇ ਹਨ।’ ਇਸ ਮੌਕੇ ਅਭਿਸ਼ੇਕ ਬੱਚਨ ਨੇ ਵੀ ਇੰਸਟਾਗ੍ਰਾਮ ’ਤੇ ਆਪਣੇ ਮਾਤਾ-ਪਿਤਾ ਦੀਆਂ ਤਸਵੀਰਾਂ ਸਾਂਝੀਆਂ ਕਰਦਿਆਂ ਉਨ੍ਹਾਂ ਨੂੰ ਵਿਆਹ ਦੀ 50ਵੀਂ ਸਾਲਗਿਰਾਹ ਦੀ ਵਧਾਈ ਦਿੱਤੀ। ਅਭਿਸ਼ੇਕ ਨੇ ਕਿਹਾ, ‘ਉਨ੍ਹਾਂ ਦੀ ਜ਼ਿੰਦਗੀ ਵਿੱਚ ਆਈਆਂ ਕਈ ਗੋਲਡਨ ਜੁਬਲੀਆਂ ਵਿੱਚ ਇੱਕ ਹੋਰ ਸ਼ਾਮਲ…ਪਰ ਇਹ ਹੁਣ ਤੱਕ ਦੀ ਸਭ ਤੋਂ ਖਾਸ ਹੈ। ਵਿਆਹ ਦੀ 50ਵੀਂ ਵਰ੍ਹੇਗੰਢ ਮੁਬਾਕਰ ਹੋਵੇ ਮੰਮੀ ਡੈਡੀ।’ ਸ਼ਵੇਤਾ ਬੱਚਨ ਨੰਦਾ ਨੇ ਵੀ ਇਸ ਮੌਕੇ ਆਪਣੇ ਮਾਤਾ-ਪਿਤਾ ਦੀਆਂ ਤਸਵੀਰਾਂ ਸਾਂਝੀਆਂ ਕਰਦਿਆਂ ਕਿਹਾ, ‘ਵਿਆਹ ਦੀ ਗੋਲਡਨ ਜੁਬਲੀ ਮੁਬਾਰਕ ਹੋਵੇ। ਇੱਕ ਵਾਰ ਜਦੋਂ ਮੈਂ ਮੰਮੀ ਨੂੰ ਸਫ਼ਲ ਵਿਆਹ ਦਾ ਰਾਜ਼ ਪੁੱਛਿਆ ਗਿਆ ਤਾਂ ਉਨ੍ਹਾਂ ਜਵਾਬ ਵਿੱਚ ਕਿਹਾ ਸੀ-ਪਿਆਰ, ਅਤੇ ਮੇਰੇ ਪਿਤਾ ਨੇ ਕਿਹਾ ਸੀ-ਪਤਨੀ ਹਮੇਸ਼ਾ ਸਹੀ ਹੁੰਦੀ ਹੈ। ਇਹੀ ਪਿਆਰ ਭਰੇ ਲੰਬੇ ਸਫ਼ਰ ਦਾ ਰਾਜ਼ ਹੈ।’