ਕਾਬੁਲ, 19 ਅਗਸਤ

ਅਫਗਾਨਿਸਤਾਨ ਦੀ ਕੌਮੀ ਫੁਟਬਾਲ ਟੀਮ ਦਾ ਖਿਡਾਰੀ ਜ਼ਾਕੀ ਅਨਵਰੀ ਬੀਤੇ ਸੋਮਵਾਰ ਅਮਰੀਕੀ ਹਵਾਈ ਸੈਨਾ ਦੇ ਜਹਾਜ਼ ਤੋਂ ਡਿੱਗਣ ਕਾਰਨ ਮੌਤ ਦੇ ਮੂੰਹ ਪੈ ਗਿਆ ਸੀ। ਇਹ ਜਾਣਕਾਰੀ ਅਫਗਾਨ ਨਿਊਜ਼ ਏਜੰਸੀ ਅਰੀਆਨਾ ਨੇ ਅੱਜ ਦਿੱਤੀ ਹੈ। ਜ਼ਿਕਰਯੋਗ ਹੈ ਕਿ ਤਾਲਿਬਾਨ ਵੱਲੋਂ ਅਫਗਾਨਿਸਤਾਨ ’ਤੇ ਕੀਤੇ ਕਬਜ਼ੇ ਮਗਰੋਂ ਬੀਤੇ ਸੋਮਵਾਰ ਨੂੰ ਕਈ ਲੋਕ ਇਸ ਦੇਸ਼ ਨੂੰ ਛੱਡਣ ਲਈ ਕਾਬੁਲ ਦੇ ਹਵਾਈ ਅੱਡੇ ’ਤੇ ਪਹੁੰਚ ਗੲੇ ਸਨ ਤੇ ਕਈ ਲੋਕ ਅਮਰੀਕੀ ਹਵਾਈ ਸੈਨਾ ਦੇ ਜਹਾਜ਼ ’ਤੇ ਜਬਰੀ ਸਵਾਰ ਹੋ ਗਏ ਸਨ। ਅਰੀਆਨਾ ਨਿਊਜ਼ ਏਜੰਸੀ ਨੇ ਦੱਸਿਆ ਕਿ ਜ਼ਹਾਜ ਦੇ ਉਡਾਣ ਭਰਨ ਮਗਰੋਂ ਜ਼ਾਕੀ ਅਨਵਰੀ ਜਹਾਜ਼ ਤੋਂ ਹੇਠਾਂ ਡਿੱਗ ਪਿਆ ਜਿਸ ਕਾਰਨ ਉਸ ਦੀ ਮੌਤ ਹੋ ਗਈ। ਅਫਗਾਨਿਸਤਾਨ ਦੇ ਡਾਇਰੈਕਟੋਰੇਟ ਆਫ ਸਪੋਰਟਸ ਨੇ ਵੀ ਜ਼ਾਕੀ ਦੀ ਮੌਤ ਦੀ ਪੁਸ਼ਟੀ ਕੀਤੀ ਹੈ।