ਵਾਸ਼ਿੰਗਟਨ, 24 ਅਗਸਤ
ਅਮਰੀਕੀ ਕੇਂਦਰੀ ਖੁਫੀਆ ਏਜੰਸੀ (ਸੀਆਈਏ) ਦੇ ਡਾਇਰੈਕਟਰ ਨੇ ਸੋਮਵਾਰ ਨੂੰ ਕਾਬੁਲ ਵਿੱਚ ਤਾਲਿਬਾਨ ਨੇਤਾ ਅਬਦੁਲ ਗਨੀ ਬਰਾਦਰ ਨਾਲ ਗੁਪਤ ਮੀਟਿੰਗ ਕੀਤੀ। ਤਾਲਿਬਾਨ ਦੇ ਅਫ਼ਗ਼ਾਨ ਰਾਜਧਾਨੀ ਕਾਬੁਲ ‘ਤੇ ਕਬਜ਼ਾ ਕਰਨ ਤੋਂ ਬਾਅਦ ਦੋਵਾਂ ਧਿਰਾਂ ਵਿਚਾਲੇ ਇਹ ਪਹਿਲੀ ਉੱਚ ਪੱਧਰੀ ਬੈਠਕ ਸੀ। ਅਮਰੀਕੀ ਫ਼ੌਜੀਆਂ ਦੀ ਵਾਪਸੀ ਤੋਂ ਦੋ ਹਫ਼ਤੇ ਪਹਿਲਾਂ 15 ਅਗਸਤ ਨੂੰ ਤਾਲਿਬਾਨ ਨੇ ਅਫ਼ਗਾਨਿਸਤਾਨ ਵਿੱਚ ਸੱਤਾ ਹਥਿਆ ਲਈ, ਜਿਸ ਨਾਲ ਰਾਸ਼ਟਰਪਤੀ ਅਸ਼ਰਫ਼ ਗਨੀ ਨੂੰ ਦੇਸ਼ ਛੱਡ ਕੇ ਸੰਯੁਕਤ ਅਰਬ ਅਮੀਰਾਤ (ਯੂਏਈ) ਜਾਣ ਲਈ ਮਜਬੂਰ ਹੋਣਾ ਪਿਆ। ਵਾਸ਼ਿੰਗਟਨ ਪੋਸਟ ਨੇ ਅਮਰੀਕੀ ਅਧਿਕਾਰੀਆਂ ਦੇ ਹਵਾਲੇ ਨਾਲ ਕਿਹਾ ਕਿ ਸੀਆਈਏ ਦੇ ਡਾਇਰੈਕਟਰ ਵਿਲੀਅਮ ਜੇ. ਬਰਨਜ਼ ਨੇ ਸੋਮਵਾਰ ਨੂੰ ਕਾਬੁਲ ਵਿੱਚ ਬਰਾਦਰ ਨਾਲ ਗੁਪਤ ਮੀਟਿੰਗ ਕੀਤੀ ਸੀ। ਖਬਰਾਂ ਵਿੱਚ ਕਿਹਾ ਗਿਆ ਹੈ ਕਿ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਖੁਫੀਆ ਏਜੰਸੀ ਦੇ ਮੁਖੀ ਨੂੰ ਕਾਬੁਲ ਭੇਜਣ ਦਾ ਫੈਸਲਾ ਕੀਤਾ।