ਨਿਊਯਾਰਕ, 14 ਸਤੰਬਰ

ਰੂਸ ਦੇ ਦਾਨਿਲ ਮੈਦਵੇਦੇਵ ਨੇ ਅਮਰੀਕੀ ਓਪਨ ਦੇ ਫਾਈਨਲ ’ਚ ਨੋਵਾਕ ਜੋਕੋਵਿਚ ਨੂੰ ਮਾਤ ਦਿੰਦਿਆਂ ਪੁਰਸ਼ਾਂ ਦੇ ਸਿੰਗਲ ਵਰਗ ਦਾ ਖ਼ਿਤਾਬ ਜਿੱਤ ਲਿਆ ਹੈ। ਇਸ ਦੇ ਨਾਲ ਹੀ ਮੈਦਵੇਦੇਵ ਨੇ 1969 ਤੋਂ ਬਾਅਦ ਕਿਸੇ ਖਿਡਾਰੀ ਵੱਲੋਂ ਇੱਕ ਕੈਲੰਡਰ ਸਾਲ ’ਚ ਚਾਰੋਂ ਗਰੈਂਡ ਸਲੈਮ ਜਿੱਤਣ ਦਾ ਜੋਕੋਵਿਚ ਦਾ ਸੁਫਨਾ ਵੀ ਤੋੜ ਦਿੱਤਾ।

ਮੈਦਵੇਦੇਵ ਨੇ ਫਾਈਨਲ ’ਚ ਦੁਨੀਆ ਦੇ ਅੱਵਲ ਦਰਜਾ ਪ੍ਰਾਪਤ ਖਿਡਾਰੀ ਸਰਬੀਆ ਦੇ ਨੋਵਾਕ ਜੋਕੋਵਿਚ ਨੂੰ ਸਿੱਧੇ ਸੈੱਟਾਂ ਵਿੱਚ 6-4, 6-4, 6-4 ਨਾਲ ਹਰਾਇਆ। ਜੋਕੋਵਿਚ ਨੂੰ ਹੁੁਣ ਕਰੀਅਰ ਦਾ ਰਿਕਾਰਡ 21ਵਾਂ ਗਰੈਂਡ ਸਲੈਮ ਖ਼ਿਤਾਬ ਜਿੱਤਣ ਲਈ ਹੋਰ ਉਡੀਕ ਕਰਨੀ ਪਵੇਗੀ। ਉਹ ਹੁਣ ਤੱਕ 20 ਖ਼ਿਤਾਬ ਜਿੱਤ ਚੁੱਕਾ ਹੈ। ਰੋਜਰ ਫੈਡਰਰ ਅਤੇ ਰਾਫੇਲ ਨਾਡਾਲ ਨੇ ਵੀ 20-20 ਖਿਤਾਬ ਜਿੱਤੇ ਹਨ। ਜ਼ਿਕਰਯੋਗ ਹੈ ਕਿ ਆਖਰੀ ਵਾਰ ਇੱਕ ਕੈਲੰਡਰ ਸਾਲ ’ਚ ਸਾਰੇ ਚਾਰੋਂ ਗਰੈਂਡ ਸਲੈਮ ਖ਼ਿਤਾਬ ਰਾਡ ਲਾਵੇਰ ਨੇ ਜਿੱਤੇ ਸਨ, ਜਿਸ ਨੇ 1962 ਅਤੇ 1969 ਵਿੱਚ ਦੋ ਵਾਰ ਇਹ ਕਾਰਨਾਮਾ ਕੀਤਾ ਸੀ। ਮਹਿਲਾ ਵਰਗ ’ਚ ਹੁਣ ਤੱਕ ਇਕੱਲੀ ਸਟੈਫੀ ਗਰਾਫ ਹੀ ਇਹ ਕਮਾਲ ਸਕੀ ਹੈ, ਜਿਸ ਨੇ 1988 ਵਿੱਚ ਚਾਰੋਂ ਖ਼ਿਤਾਬ ਜਿੱਤੇ ਸਨ। ਜਿੱਤ ਤੋਂ ਬਾਅਦ ਦਾਨਿਲ ਮੈਦਵੇਦੇਵ ਨੇ ਕਿਹਾ, ‘ਮੈਨੂੰ ਨੋਵਾਕ ਲਈ ਦੁੱਖ ਹੋ ਰਿਹਾ ਹੈ ਕਿਉਂਕਿ ਮੈਂ ਸੋਚ ਵੀ ਨਹੀਂ ਸਕਦਾ ਉਸ ’ਤੇ ਕੀ ਬੀਤ ਰਹੀ ਹੋਵੇਗੀ। ਉਸ ਨੂੰ ਹਰਾ ਕੇ ਮਿਲਿਆ ਖ਼ਿਤਾਬ ਹੋਰ ਵੀ ਖਾਸ ਹੈ, ਕਿਉਂਕਿ ਇਸ ਨਾਲ ਮੇਰਾ ਆਤਮਵਿਸ਼ਵਾਸ ਵਧਿਆ ਹੈ।’ ਉਸ ਨੇ ਕਿਹਾ, ‘ਜੋਕੋਵਿਚ ਮੇਰੇ ਲਈ ਟੈਨਿਸ ਇਤਿਹਾਸ ਦਾ ਸਭ ਤੋਂ ਮਹਾਨ ਖਿਡਾਰੀ ਹੈ।’