ਵਾਸ਼ਿੰਗਟਨ : ਐਨਸੀਪੀ ਆਗੂ ਬਾਬਾ ਸਿੱਦੀਕੀ ਦੀ ਹੱਤਿਆ ਅਤੇ ਅਦਾਕਾਰ ਸਲਮਾਨ ਖਾਨ ਦੇ ਮੁੰਬਈ ਸਥਿਤ ਘਰ ਦੇ ਬਾਹਰ ਗੋਲੀਬਾਰੀ ਕਰਨ ਦੇ ਮਾਮਲੇ ਵਿਚ ਲੋੜੀਂਦੇ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਭਰਾ ਅਨਮੋਲ ਬਿਸ਼ਨੋਈ ਨੂੰ ਅਮਰੀਕਾ ਵਿਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਤੇ ਉਹ ਇਸ ਵੇਲੇ ਆਇਓਵਾ ਦੀ ਇੱਕ ਜੇਲ੍ਹ ਵਿੱਚ ਨਜ਼ਰਬੰਦ ਹੈ। ਯੂਐਸ ਇਮੀਗ੍ਰੇਸ਼ਨ ਅਤੇ ਕਸਟਮਜ਼ ਐਨਫੋਰਸਮੈਂਟ ਦੀ ਵੈਬਸਾਈਟ ’ਤੇ ਦੱਸਿਆ ਗਿਆ ਹੈ ਕਿ ਅਨਮੋਲ ਬਿਸ਼ਨੋਈ ਆਇਓਵਾ ਦੀ ਪੋਟਾਵਾਟਾਮੀ ਕਾਊਂਟੀ ਜੇਲ੍ਹ ਵਿੱਚ ਬੰਦ ਹੈ। ਇਸ ਤੋਂ ਇਲਾਵਾ ਹੋਰ ਵੇਰਵੇ ਨਹੀਂ ਮਿਲੇ। ਦੂਜੇ ਪਾਸੇ ਭਾਰਤ ਵੱਲੋਂ ਉਸ ਦੀ ਹਵਾਲਗੀ ਦੀ ਮੰਗ ਕੀਤੀ ਜਾ ਰਹੀ ਹੈ ਪਰ ਲੋੜੀਂਦੇ ਭਗੌੜੇ ਮੁਲਜ਼ਮ ਨੂੰ ਖ਼ਾਲਿਸਤਾਨੀ ਵੱਖਵਾਦੀ ਹਰਦੀਪ ਸਿੰਘ ਨਿੱਝਰ ਦੀ ਕਥਿਤ ਹੱਤਿਆ ਦੇ ਮਾਮਲੇ ਵਿੱਚ ਪਹਿਲਾਂ ਕੈਨੇਡਾ ਦੇ ਅਧਿਕਾਰੀਆਂ ਹਵਾਲੇ ਕੀਤਾ ਜਾ ਸਕਦਾ ਹੈ। ਭਾਰਤ ਨੂੰ ਕੈਨੇਡਾ ਤੋਂ ਬਾਅਦ ਬਿਸ਼ਨੋਈ ਦੀ ਹਿਰਾਸਤ ਮਿਲ ਸਕਦੀ ਹੈ। ਸੂਤਰਾਂ ਮੁਤਾਬਕ, ਇਸ ਵੇਲੇ ਅਮਰੀਕਾ ਦੇ ਅਧਿਕਾਰੀਆਂ ਵੱਲੋਂ ਅਨਮੋਲ ਬਿਸ਼ਨੋਈ ਕੋਲੋਂ ਪੁੱਛ-ਪੜਤਾਲ ਕੀਤੀ ਜਾ ਰਹੀ ਹੈ। ਅਨਮੋਲ ਬਿਸ਼ਨੋਈ ਖ਼ਿਲਾਫ਼ ਦਸੰਬਰ 2022 ਵਿੱਚ ਇਕ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਗਿਆ ਸੀ। ਜਾਣਕਾਰੀ ਅਨੁਸਾਰ ਅਨਮੋਲ ਬਿਸ਼ਨੋਈ ਨੂੰ ਪਿਛਲੇ ਹਫ਼ਤੇ ਕੈਲੀਫੋਰਨੀਆ ਵਿੱਚ ਅਮਰੀਕਾ ਦੇ ਇਮੀਗ੍ਰੇਸ਼ਨ ਵਿਭਾਗ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਜ਼ਿਕਰਯੋਗ ਹੈ ਕਿ ਲਾਰੈਂਸ ਬਿਸ਼ਲੋਈ ਇਸ ਵੇਲੇ ਅਹਿਮਦਾਬਾਦ ਦੀ ਸਾਬਰਮਤੀ ਸੈਂਟਰਲ ਜੇਲ੍ਹ ਵਿੱਚ ਬੰਦ ਹੈ।