ਫਰਿਜ਼ਨੋ : ਅਮਰੀਕਾ ਅਤੇ ਯੂ.ਕੇ. ਵਿਚ ਦੋ ਪੰਜਾਬੀ ਨੌਜਵਾਨ ਦੀ ਮੌਤ ਹੋਣ ਦੀ ਦੁਖਦ ਖਬਰ ਸਾਹਮਣੇ ਆਈ ਹੈ। ਅਮਰੀਕਾ ਦੇ ਫਰਿਜ਼ਨੋ ਸ਼ਹਿਰ ਵਿਚ ਰਹਿੰਦੇ 19 ਸਾਲ ਦੀ ਵਿਸ਼ਵਦੀਪ ਸਿੰਘ ਦੀ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਜਦਕਿ ਮਲੇਰਕੋਟਲਾ ਨੇੜਲੇ ਪਿੰਡ ਸ਼ੇਰਗੜ੍ਹ ਚੀਮਾ ਦੇ ਗੁਰਵੀਰ ਸਿੰਘ ਚੀਮਾ ਨੇ ਸੰਖੇਪ ਬਿਮਾਰੀ ਮਗਰੋਂ ਯੂ.ਕੇ. ਦੇ ਕੁਈਨ ਹਸਪਤਾਲ ਵਿਚ ਦਮ ਤੋੜ ਦਿਤਾ। ਕੈਲੇਫੋਰਨੀਆ ਹਾਈਵੇਅ ਪੈਟਰੋਲ ਵੱਲੋਂ 19 ਸਾਲਾ ਨੌਜਵਾਨ ਦਾ ਨਾਂ ਵੰਸ਼ਦੀਪ ਸਿੰਘ ਦੱਸਿਆ ਗਿਆ ਹੈ ਜਦਕਿ ਮਾਛੀਵਾੜਾ ਦੇ ਜੇ.ਐਸ. ਨਗਰ ਵਿਚ ਰਹਿੰਦੇ ਸਤਨਾਮ ਸਿੰਘ ਮੁਤਾਬਕ ਉਨ੍ਹਾਂ ਦੇ ਬੇਟੇ ਦਾ ਨਾਂ ਵਿਸ਼ਵਦੀਪ ਸਿੰਘ ਸੀ। ਵਿਸ਼ਵਦੀਪ ਸਿੰਘ 2 ਸਾਲ ਪਹਿਲਾਂ ਅਮਰੀਕਾ ਗਿਆ ਸੀ ਅਤੇ ਇਕ ਸਟੋਰ ’ਤੇ ਨੌਕਰੀ ਕਰ ਰਿਹਾ ਸੀ।

ਮਾਛੀਵਾੜਾ ਦੇ ਵਿਸ਼ਵਦੀਪ ਸਿੰਘ ਵਜੋਂ ਹੋਈ ਸ਼ਨਾਖਤ
ਫਰਿਜ਼ਨੋ ਕਾਊਂਟੀ ਵਿਚ ਹਾਈਵੇਅ 180 ’ਤੇ ਵਾਪਰੇ ਹਾਦਸੇ ਦੌਰਾਨ ਵਿਸ਼ਵਦੀਪ ਸਿੰਘ ਆਪਣੇ ਦੋ ਸਾਥੀਆਂ ਨਾਲ ਗੱਡੀ ਵਿਚ ਜਾ ਰਿਹਾ ਸੀ ਜਦੋਂ ਇਕ ਮੋੜ ਮੁੜਦਿਆਂ ਸਾਹਮਣੇ ਤੋਂ ਆ ਰਹੀ ਗੱਡੀ ਨੇ ਟੱਕਰ ਮਾਰ ਦਿਤੀ। 19 ਸਾਲ ਦੇ ਵਿਸ਼ਵਦੀਪ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਉਸ ਦੇ ਦੋ ਸਾਥੀ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ। ਟੱਕਰ ਮਾਰਨ ਵਾਲੀ ਗੱਡੀ ਦੇ ਡਰਾਈਵਰ ਨੂੰ ਫਾਇਰ ਫਾਈਟਰਜ਼ ਨੇ ਬਾਹਰ ਕੱਢਿਆ ਅਤੇ ਕੈਲੇਫੋਰਨੀਆ ਹਾਈਵੇਅ ਪੈਟਰੋਲ ਦੇ ਬੁਲਾਰੇ ਮਾਈਕ ਸੈਲਸ ਨੇ ਦੱਸਿਆ ਕਿ ਟੌਯੋਟੋ ਦੇ 27 ਸਾਲਾ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਜੋ ਸੰਭਾਵਤ ਤੌਰ ਨਸ਼ੇ ਦੀ ਹਾਲਤ ਵਿਚ ਗੱਡੀ ਚਲਾ ਰਿਹਾ ਸੀ। ਮਾਛੀਵਾੜਾ ਰਹਿੰਦੇ ਵਿਸ਼ਵਦੀਪ ਸਿੰਘ ਦੇ ਮਾਪਿਆਂ ਵੱਲੋਂ ਉਸ ਦੇ ਦੇਹ ਭਾਰਤ ਲਿਆਉਣ ਦੇ ਯਤਨ ਕੀਤੇ ਜਾ ਰਹੇ ਹਨ। ਇਥੇ ਦਸਣਾ ਬਣਦਾ ਹੈ ਕਿ ਪਿਛਲੇ ਦਿਨੀਂ ਕੈਨੇਡਾ ਦੇ ਐਲਬਰਟਾ ਸੂਬੇ ਵਿਚ ਵਾਪਰੇ ਸੜਕ ਹਾਦਸੇ ਦੌਰਾਨ 31 ਸਾਲ ਦੇ ਹਰਸ਼ਵੀਰ ਸਿੰਘ ਮੱਲ੍ਹੀ ਦੀ ਮੌਤ ਹੋ ਗਈ ਜੋ ਆਪਣੇ ਪਿੱਛੇ ਪਤਨੀ ਅਤੇ 3 ਸਾਲ ਤੇ ਸਵਾ ਸਾਲ ਦੇ ਦੋ ਬੱਚੇ ਛੱਡ ਗਿਆ ਹੈ। ਦੂਜੇ ਪਾਸੇ ਯੂ.ਕੇ. ਵਿਚ 23 ਸਾਲ ਦੇ ਗੁਰਵੀਰ ਸਿੰਘ ਚੀਮਾ ਨੇ ਸੰਖੇਪ ਬਿਮਾਰੀ ਮਗਰੋਂ ਦਮ ਤੋੜ ਦਿਤਾ। ਉਸ ਦੀ ਦੇਹ ਹਾਲੇ ਵੀ ਕੁਈਨ ਹਸਪਤਾਲ ਵਿਚ ਹੈ ਜਿਸ ਨੂੰ ਪੰਜਾਬ ਭੇਜਣ ਲਈ ਗੋਫੰਡਮੀ ਪੇਜ ਸਥਾਪਤ ਕੀਤਾ ਗਿਆ ਹੈ। ਗੋਫੰਡਮੀ ਪੇਜ ਮੁਤਾਬਕ ਪਿੰਡ ਸ਼ੇਰਗੜ੍ਹ ਚੀਮਾ ਦੇ ਗੁਰਵੀਰ ਸਿੰਘ ਦਾ ਕੋਈ ਰਿਸ਼ਤੇਦਾਰ ਯੂ.ਕੇ. ਵਿਚ ਨਹੀਂ ਅਤੇ ਉਸ ਦੇ ਮਾਪੇ ਆਖਰੀ ਵਾਰ ਆਪਣੇ ਪੁੱਤ ਦਾ ਚਿਹਰਾ ਦੇਖਣਾ ਚਾਹੁੰਦੇ ਹਨ।