ਵੱਖ-ਵੱਖ ਜਥੇਬੰਦੀਆਂ ਨੇ ਘਟਨਾ ਦੀ ਜਾਂਚ ਕਰਾਉਣ ਦੀ ਮੰਗ ਕੀਤੀ
ਨਿਊਯਾਰਕ : ਕੈਲੀਫੋਰਨੀਆ ਦੇ ਇਕ ਮਸ਼ਹੂਰ ਮੰਦਰ ਦੀਆਂ ਦੀਵਾਰਾਂ ’ਤੇ ਅਣਪਛਾਤੇ ਵਿਅਕਤੀਆਂ ਨੇ ਭਾਰਤ ਵਿਰੋਧੀ ਨਾਅਰੇ ਲਿਖ ਕੇ ਇਸ ਨੂੰ ਅਪਵਿੱਤਰ ਕਰ ਦਿੱਤਾ। ਅਮਰੀਕਾ ’ਚ ਹਿੰਦੂ ਫਿਰਕੇ ਦੇ ਪਵਿੱਤਰ ਅਸਥਾਨਾਂ ਨੂੰ ਨਿਸ਼ਾਨਾ ਬਣਾਉਣ ਦੀ ਇਹ ਇਕ ਹੋਰ ਘਟਨਾ ਹੈ। ਬੋਚਾਸਨਵਾਸੀ ਅਕਸ਼ਰ ਪੁਰਸ਼ੋਤਮ ਸਵਾਮੀਨਾਰਾਇਣ ਸੰਸਥਾ (ਬੀਏਪੀਐੱਸ) ਨੇ ਕਿਹਾ ਕਿ ਸਾਂ ਬਰਨਾਰਡੀਨੋ ਕਾਊਂਟੀ ਦੇ ਚੀਨੋ ਹਿਲਜ਼ ਸ਼ਹਿਰ ’ਚ ਸਥਿਤ ਉਸ ਦੇ ਸ੍ਰੀ ਸਵਾਮੀਨਾਰਾਇਣ ਮੰਦਰ ਨੂੰ ਅਪਵਿੱਤਰ ਕੀਤਾ ਗਿਆ ਹੈ। ਚੀਨੋ ਹਿਲਜ਼ ਲਾਸ ਏਂਜਲਸ ਕਾਊਂਟੀ ਦੀ ਸਰਹੱਦ ’ਤੇ ਹੈ। ਬੀਏਪੀਐੱਸ ਪਬਲਿਕ ਅਫੇਰਅਜ਼ ਨੇ ‘ਐਕਸ’ ’ਤੇ ਕਿਹਾ, ‘‘ਇਕ ਹੋਰ ਮੰਦਰ ਨੂੰ ਅਪਵਿੱਤਰ ਕੀਤਾ ਗਿਆ ਹੈ। ਹਿੰਦੂ ਭਾਈਚਾਰਾ ਨਫ਼ਰਤ ਖ਼ਿਲਾਫ਼ ਡਟ ਕੇ ਖੜ੍ਹਾ ਹੈ। ਚੀਨੋ ਹਿਲਜ਼ ਅਤੇ ਦੱਖਣੀ ਕੈਲੀਫੋਰਨੀਆ ’ਚ ਫਿਰਕਾ ਇਕਜੁੱਟ ਹੈ ਅਤੇ ਅਸੀਂ ਕਦੇ ਵੀ ਨਫ਼ਰਤ ਨੂੰ ਫੈਲਣ ਨਹੀਂ ਦੇਵਾਂਗੇ।’’ ਪੋਸਟ ’ਚ ਘਟਨਾ ਦਾ ਬਿਊਰਾ ਦਿੱਤੇ ਬਿਨਾਂ ਕਿਹਾ ਗਿਆ, ‘‘ਸਾਡੀ ਸਾਂਝੀ ਮਾਨਵਤਾ ਅਤੇ ਆਸਥਾ ਇਹ ਯਕੀਨੀ ਬਣਾਏਗੀ ਕਿ ਸ਼ਾਂਤੀ ਅਤੇ ਸਦਭਾਵਨਾ ਕਾਇਮ ਰਹੇ।’’ ਇਕ ਹੋਰ ਸੰਸਥਾ ਹਿੰਦੂ ਅਮਰੀਕਨ ਫਾਊਂਡੇਸ਼ਨ ਨੇ ਕੈਲੀਫੋਰਨੀਆ ਦੇ ਸਭ ਤੋਂ ਵੱਡੇ ਮੰਦਰ ਨੂੰ ਅਪਵਿੱਤਰ ਕਰਨ ਦੀ ਸ਼ਨਿਚਰਵਾਰ ਨੂੰ ਵਾਪਰੀ ਘਟਨਾ ਦੀ ਐੱਫਬੀਆਈ ਅਤੇ ਉਸ ਦੇ ਡਾਇਰੈਕਟਰ ਕਾਸ਼ ਪਟੇਲ ਤੋਂ ਜਾਂਚ ਕਰਾਉਣ ਦੀ ਮੰਗ ਕੀਤੀ ਹੈ। ਉੱਤਰੀ ਅਮਰੀਕਾ ’ਚ ਹਿੰਦੂ ਧਰਮ ਦਾ ਪ੍ਰਚਾਰ ਅਤੇ ਪਾਸਾਰ ਕਰਨ ਵਾਲੀ ਸੰਸਥਾ ਦਿ ਕੋਲੀਸ਼ਨ ਆਫ਼ ਹਿੰਦੂਜ਼ ਆਫ਼ ਨੌਰਥ ਅਮਰੀਕਾ ਨੇ ਪਹਿਲਾਂ ਵਾਪਰੀਆਂ ਘਟਨਾਵਾਂ ਵੱਲ ਵੀ ਧਿਆਨ ਦਿਵਾਇਆ ਹੈ ਅਤੇ ਉਨ੍ਹਾਂ ਸਾਰਿਆਂ ਦੀ ਜਾਂਚ ਕਰਾਉਣ ਦੀ ਮੰਗ ਕੀਤੀ ਹੈ। ਸੰਸਥਾ ਨੇ ‘ਐਕਸ’ ’ਤੇ ਕਿਹਾ ਕਿ ਹੁਣ ਵੀ ਮੀਡੀਆ ਅਤੇ ਸਿੱਖਿਆ ਮਾਹਿਰ ਇਹੋ ਆਖਣਗੇ ਕਿ ਹਿੰਦੂਆਂ ਪ੍ਰਤੀ ਕੋਈ ਨਫ਼ਰਤ ਨਹੀਂ ਹੈ ਅਤੇ ‘ਹਿੰਦੂਫੋਬੀਆ’ ਸਿਰਫ਼ ਸਾਡੀ ਕਲਪਨਾ ’ਤੇ ਆਧਾਰਿਤ ਹੈ। ਪੋਸਟ ’ਚ ਕਿਹਾ ਗਿਆ, ‘‘ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਇਹ ਉਦੋਂ ਹੋਇਆ ਹੈ ਜਦੋਂ ਲਾਸ ਏਂਜਲਸ ’ਚ ਕਥਿਤ ਖਾਲਿਸਤਾਨ ਰੈਫਰੈਂਡਮ ਦਾ ਦਿਨ ਨੇੜੇ ਆ ਰਿਹਾ ਹੈ।’’
ਭਾਰਤ ਵੱਲੋਂ ਘਟਨਾ ਦੀ ਨਿਖੇਧੀ
ਨਵੀਂ ਦਿੱਲੀ: ਭਾਰਤ ਨੇ ਕੈਲੀਫੋਰਨੀਆ ’ਚ ਮੰਦਰ ਦੀਆਂ ਦੀਵਾਰਾਂ ’ਤੇ ਮੁਲਕ ਵਿਰੋਧੀ ਨਾਅਰੇ ਲਿਖਣ ਦੀ ਨਿਖੇਧੀ ਕੀਤੀ ਹੈ। ਵਿਦੇਸ਼ ਮੰਤਰਾਲੇ ਦੇ ਤਰਜਮਾਨ ਰਣਧੀਰ ਜੈਸਵਾਲ ਨੇ ਹਮਲੇ ਨੂੰ ‘ਘਿਨਾਉਣਾ’ ਕਰਾਰ ਦਿੰਦਿਆਂ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਧਾਰਮਿਕ ਅਸਥਾਨਾਂ ਦੀ ਢੁੱਕਵੀਂ ਸੁਰੱਖਿਆ ਯਕੀਨੀ ਬਣਾਈ ਜਾਵੇ।