ਅਮਰੀਕਾ : ਦੁਨੀਆ ਦੀਆਂ ਸਭ ਤੋਂ ਮਸ਼ਹੂਰ ਗਾਇਕਾਵਾਂ ਵਿੱਚੋਂ ਇੱਕ ਰਿਹਾਨਾ ਨੇ ਆਪਣੇ ਸੰਗੀਤ ਰਾਹੀਂ ਦੁਨੀਆ ਭਰ ਵਿੱਚ ਇੱਕ ਵੱਖਰੀ ਪਛਾਣ ਬਣਾਈ ਹੈ, ਜਿਸ ਕਾਰਨ ਹਰ ਦੇਸ਼ ਵਿੱਚ ਉਨ੍ਹਾਂ ਦੇ ਹਜ਼ਾਰਾਂ ਪ੍ਰਸ਼ੰਸਕਮੌਜੂਦ ਹਨ। ਪਰ ਹੁਣ ਇਸ ਪੌਪ-ਸਟਾਰ ਨੂੰ ਲੈ ਕੇ ਇੱਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਗਾਇਕਾ ਦੇ ਕੈਲੀਫੋਰਨੀਆ ਦੇ ਬੇਵਰਲੀ ਹਿਲਜ਼ ਵਿੱਚ ਸਥਿਤ ਘਰ ਦੇ ਬਾਹਰ ਫਾਇਰਿੰਗ ਹੋਈ ਹੈ।
ਉਨ੍ਹਾਂ ਦੇ ਘਰ ਵੱਲ ਇੱਕ ਔਰਤ ਨੇ ਕਈ ਰਾਊਂਡ ਫਾਇਰਿੰਗ ਕੀਤੀ। ਘਟਨਾ ਵਿੱਚ ਕਿਸੇ ਦੇ ਜ਼ਖ਼ਮੀ ਹੋਣ ਦੀ ਖ਼ਬਰ ਨਹੀਂ ਹੈ। ਗੋਲੀਬਾਰੀ ਦੀ ਸੂਚਨਾ ਮਿਲਦੇ ਹੀ ਪੁਲਿਸ ਹਰਕਤ ਵਿੱਚ ਆ ਗਈ ਅਤੇ ਤੁਰੰਤ ਮੌਕੇ ‘ਤੇ ਪਹੁੰਚ ਗਈ। ਗੋਲੀ ਚਲਾਉਣ ਵਾਲੀ ਔਰਤ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਲਾਸ ਏਂਜਲਸ ਪੁਲਿਸ ਵਿਭਾਗ ਨੇ ਪੁਸ਼ਟੀ ਕੀਤੀ ਹੈ ਕਿ ਇਹ ਘਟਨਾ ਐਤਵਾਰ, 8 ਮਾਰਚ ਨੂੰ ਵਾਪਰੀ ।ਰਿਹਾਨਾ ਦੇ ਘਰ ਦੇ ਕੋਲ ਗੋਲੀਬਾਰੀ ਦੀ ਘਟਨਾ ਵਾਪਰੀ। 5 ਤੋਂ 7 ਗੋਲੀਆਂ ਚੱਲੀਆਂ। ਗੋਲੀਆਂ ਘਰ ਦੇ ਗੇਟ ‘ਤੇ ਲੱਗੀਆਂ ਪਰ ਘਰ ਦੇ ਅੰਦਰ ਨਹੀਂ ਲੱਗੀਆਂ। ਘਟਨਾ ਵਿੱਚ ਕੋਈ ਜ਼ਖ਼ਮੀ ਨਹੀਂ ਹੋਇਆ। ਉਸ ਸਮੇਂ ਘਰ ਵਿੱਚ ਲੋਕ ਮੌਜੂਦ ਸਨ। ਪੁਲਿਸ ਨੇ ਦੱਸਿਆ ਕਿ ਇੱਕ 30 ਸਾਲਾ ਔਰਤ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਹਮਲੇ ਤੋਂ ਬਾਅਦ ਪੁਲਿਸ ਨੇ ਇੱਕ ਗੱਡੀ ਨੂੰ ਟ੍ਰੈਕ ਕੀਤਾ। ਇਹ ਇੱਕ ਚਿੱਟੇ ਰੰਗ ਦੀ ਟੈਸਲਾ ਸੀ। ਉਹ ਨੇੜੇ ਹੀ ਇੱਕ ਜਗ੍ਹਾ ਤੋਂ ਮਿਲੀ ਅਤੇ ਮੁਲਜ਼ਮ ਔਰਤ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਅਧਿਕਾਰੀਆਂ ਨੇ ਅਜੇ ਤੱਕ ਔਰਤ ਦੀ ਪਛਾਣ ਜਾਂ ਗੋਲੀਬਾਰੀ ਦੇ ਪਿੱਛੇ ਦੇ ਮਕਸਦ ਬਾਰੇ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ। ਮਾਮਲੇ ਦੀ ਜਾਂਚ ਅਜੇ ਵੀ ਜਾਰੀ ਹੈ।
ਦੱਸ ਦਈਏ ਕਿ ਗ੍ਰੈਮੀ-ਜੇਤੂ ਕਲਾਕਾਰ, ਜਿਨ੍ਹਾਂ ਦਾ ਅਸਲੀ ਨਾਮ ਰੌਬਿਨ ਰਿਹਾਨਾ ਫੈਂਟੀ ਹੈ, ਦੁਨੀਆ ਦੇ ਸਭ ਤੋਂ ਪ੍ਰਭਾਵਸ਼ਾਲੀ ਗਾਇਕਾਂ ਅਤੇ ਉੱਦਮੀਆਂ ਵਿੱਚੋਂ ਇੱਕ ਹਨ। ਆਪਣੇ ਮਿਊਜ਼ਿਕ ਕਰੀਅਰ ਤੋਂ ਇਲਾਵਾ, ਉਨ੍ਹਾਂ ਨੇ ਆਪਣੇ ਬ੍ਰਾਂਡਾਂ ਰਾਹੀਂ ਇੱਕ ਗਲੋਬਲ ਬਿਜ਼ਨਸ ਸਾਮਰਾਜ ਖੜ੍ਹਾ ਕੀਤਾ ਹੈ, ਜਿਸ ਵਿੱਚ ਫੈਸ਼ਨ, ਕਾਸਮੈਟਿਕਸ ਅਤੇ ਬਿਊਟੀ ਵੈਂਚਰ ਸ਼ਾਮਲ ਹਨ।
