ਵਾਸ਼ਿੰਗਟਨ, 4 ਅਗਸਤ
ਬਾਇਡਨ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਉਹ ਅਹਿਮ ਮਸਲਿਆਂ ਸਬੰਧੀ ਭਾਰਤ ਤੇ ਪਾਕਿਸਤਾਨ ਵਿਚਾਲੇ ਸਿੱਧੇ ਸੰਵਾਦ ਦੀ ਵਕਾਲਤ ਕਰਦੇ ਹਨ। ਇਸਲਾਮਾਬਾਦ ਵੱਲੋਂ ਸਰਹੱਦ ਪਾਰੋਂ ਅਤਿਵਾਦ ਨੂੰ ਹਮਾਇਤ ਤੇ ਕਸ਼ਮੀਰ ਮੁੱਦੇ ਸਣੇ ਹੋਰ ਬਹੁਤ ਸਾਰੇ ਮਸਲਿਆਂ ’ਤੇ ਭਾਰਤ-ਪਾਕਿ ਰਿਸ਼ਤਿਆਂ ਵਿੱਚ ਕਸ਼ੀਦਗੀ ਲਗਾਤਾਰ ਜਾਰੀ ਹੈ। ਭਾਰਤ ਨੇ ਪਾਕਿਸਤਾਨ ਨਾਲ ਹਮੇਸ਼ਾ ਇਕ ਆਮ ਗੁਆਂਢੀ ਵਾਂਗ ਰਿਸ਼ਤੇ ਬਣਾ ਕੇ ਰੱਖਣ ਦੀ ਇੱਛਾ ਜ਼ਾਹਿਰ ਕੀਤੀ ਹੈ, ਪਰ ਨਾਲ ਹੀ ਇਹ ਸ਼ਰਤ ਵੀ ਰੱਖੀ ਹੈ ਕਿ ਇਸ ਲਈ ਦਹਿਸ਼ਤਮੁਕਤ ਮਾਹੌਲ ਜ਼ਰੂਰੀ ਹੈ, ਜਿਸ ਦੀ ਜ਼ਿੰਮੇਵਾਰੀ ਇਸਲਾਮਾਬਾਦ ਸਿਰ ਹੈ। ਭਾਰਤ ੲਿਹ ਗੱਲ ਵੀ ਜ਼ੋਰ ਦੇ ਕੇ ਆਖਦਾ ਰਿਹਾ ਹੈ ਕਿ ਜੰਮੂ ਕਸ਼ਮੀਰ ਭਾਰਤ ਦਾ ਅਨਿੱਖੜਵਾ ਅੰਗ ‘ਸੀ, ਹੈ ਤੇ ਰਹੇਗਾ’। ਅਮਰੀਕੀ ਵਿਦੇਸ਼ ਵਿਭਾਗ ਦੇ ਤਰਜਮਾਨ ਮੈਥਿਊ ਮਿੱਲਰ ਨੇ ਪੱਤਰਕਾਰਾਂ ਨੂੰ ਕਿਹਾ, ‘‘ਜਿਵੇਂ ਕਿ ਅਸੀਂ ਲੰਮੇ ਸਮੇਂ ਤੋਂ ਕਹਿ ਰਹੇ ਹਾਂ, ਅਸੀਂ ਭਾਰਤ ਤੇ ਪਾਕਿਸਤਾਨ ਵਿਚਾਲੇ ਸਿੱਧੇ ਸੰਵਾਦ ਦੀ ਹਮਾਇਤ ਕਰਦੇ ਹਾਂ।’’ ਮਿੱਲਰ ਨੇ ਇਹ ਟਿੱਪਣੀ ਅਜਿਹੇ ਮੌਕੇ ਕੀਤੀ ਹੈ ਜਦੋਂ ਅਜੇ ਦੋ ਦਿਨ ਪਹਿਲਾਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਸਾਰੇ ਗੰਭੀਰ ਤੇ ਬਕਾਇਆ ਮੁੱਦਿਆਂ ਨੂੰ ਮੁਖਾਤਬਿ ਹੋਣ ਲਈ ਭਾਰਤ ਨੂੰ ਗੱਲਬਾਤ ਦੀ ਪੇਸ਼ਕਸ਼ ਕੀਤੀ ਹੈ। ਸਾਲ 2019 ਵਿੱਚ ਭਾਰਤ ਵੱਲੋਂ ਜੰਮੂ ਕਸ਼ਮੀਰ ਨੂੰ ਧਾਰਾ 370 ਤਹਿਤ ਮਿਲਿਆ ਵਿਸ਼ੇਸ਼ ਰੁਤਬਾ ਬਦਲੇ ਜਾਣ ਮਗਰੋੋਂਂ ਇਸਲਾਮਾਬਾਦ ਤੇ ਦਿੱਲੀ ਦੇ ਦੁਵੱਲੇ ਰਿਸ਼ਤਿਆਂ ’ਚ ਤਲਖੀ ਬਣੀ ਹੋਈ ਹੈ।