ਭਾਰਤ ਅਤੇ ਅਮਰੀਕਾ ਵਿਚਕਾਰ ਜਲਦ ਹੀ ਇੱਕ ਵੱਡਾ ਵਪਾਰਕ ਸਮਝੌਤਾ ਹੋਣ ਦੀ ਸੰਭਾਵਨਾ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ‘ਬਿੱਗ ਬਿਊਟੀਫੁੱਲ ਬਿੱਲ’ ਪ੍ਰੋਗਰਾਮ ਦੌਰਾਨ ਇਸ ਗੱਲ ਦੇ ਸੰਕੇਤ ਦਿੱਤੇ ਹਨ। ਟਰੰਪ ਨੇ ਵੀਰਵਾਰ ਨੂੰ ਕਿਹਾ ਕਿ ਅਮਰੀਕਾ ਨੇ ਚੀਨ ਨਾਲ ਇੱਕ ਸਮਝੌਤੇ ‘ਤੇ ਦਸਤਖਤ ਕੀਤੇ ਹਨ ਅਤੇ ਹੁਣ ਭਾਰਤ ਨਾਲ ਵੀ ਇੱਕ ‘ਬਹੁਤ ਵੱਡਾ’ ਸਮਝੌਤਾ ਜਲਦ ਹੀ ਹੋਣ ਵਾਲਾ ਹੈ।

ਭਾਰਤ ਲਈ ਖੁੱਲ੍ਹਣਗੇ ਵਪਾਰ ਦੇ ਦਰਵਾਜ਼ੇ

ਟਰੰਪ ਨੇ ਆਪਣੇ ਭਾਸ਼ਣ ਵਿੱਚ ਕਿਹਾ, “ਸਾਰੇ ਦੇਸ਼ ਸਾਡੇ ਨਾਲ ਸਮਝੌਤੇ ਕਰਨਾ ਚਾਹੁੰਦੇ ਹਨ। ਅਸੀਂ ਬੀਤੇ ਦਿਨ ਹੀ ਚੀਨ ਨਾਲ ਇੱਕ ਸਮਝੌਤਾ ਕੀਤਾ ਹੈ, ਅਤੇ ਹੁਣ ਅਸੀਂ ਭਾਰਤ ਨਾਲ ਵੀ ਵੱਡੀ ਡੀਲ ਦੀ ਤਿਆਰੀ ਕਰ ਰਹੇ ਹਾਂ।” ਉਨ੍ਹਾਂ ਨੇ ਅੱਗੇ ਕਿਹਾ, “ਅਸੀਂ ਭਾਰਤ ਲਈ ਵਪਾਰ ਦੇ ਦਰਵਾਜ਼ੇ ਖੋਲ੍ਹਣ ਜਾ ਰਹੇ ਹਾਂ, ਜਿਵੇਂ ਅਸੀਂ ਚੀਨ ਦੇ ਸਮਝੌਤੇ ਨਾਲ ਉਸ ਲਈ ਦਰਵਾਜ਼ੇ ਖੋਲ੍ਹਣ ਦੀ ਸ਼ੁਰੂਆਤ ਕੀਤੀ ਹੈ।” ਹਾਲਾਂਕਿ, ਟਰੰਪ ਨੇ ਚੀਨ ਨਾਲ ਹੋਏ ਸਮਝੌਤੇ ਦੀ ਵਿਸਥਾਰਤ ਜਾਣਕਾਰੀ ਨਹੀਂ ਦਿੱਤੀ। ਵ੍ਹਾਈਟ ਹਾਊਸ ਦੇ ਇੱਕ ਅਧਿਕਾਰੀ ਨੇ ਬਾਅਦ ਵਿੱਚ ਪੁਸ਼ਟੀ ਕੀਤੀ ਕਿ ਚੀਨ ਤੋਂ ਅਮਰੀਕਾ ਤੱਕ ਦੁਰਲਭ ਧਰਤੀ (ਰੇਅਰ ਅਰਥ) ਸ਼ਿਪਮੈਂਟ ਨੂੰ ਤੇਜ਼ ਕਰਨ ‘ਤੇ ਇਹ ਸਮਝੌਤਾ ਕੇਂਦਰਿਤ ਸੀ।

ਅਮਰੀਕੀ ਵਣਜ ਸਕੱਤਰ ਦਾ ਬਿਆਨ

ਇਸ ਮਹੀਨੇ ਦੀ ਸ਼ੁਰੂਆਤ ਵਿੱਚ, ਯੂਐਸ-ਇੰਡੀਆ ਸਟਰੈਟੇਜਿਕ ਪਾਰਟਨਰਸ਼ਿਪ ਫੋਰਮ ਵਿੱਚ, ਅਮਰੀਕੀ ਵਣਜ ਸਕੱਤਰ ਹਾਵਰਡ ਲੁਟਨਿਕ ਨੇ ਕਿਹਾ ਸੀ ਕਿ ਭਾਰਤ ਅਤੇ ਅਮਰੀਕਾ ਵਿਚਕਾਰ ਵਪਾਰਕ ਸਮਝੌਤੇ ਨੂੰ ਜਲਦੀ ਅੰਤਿਮ ਰੂਪ ਦਿੱਤਾ ਜਾ ਸਕਦਾ ਹੈ। ਉਨ੍ਹਾਂ ਨੇ ਕਿਹਾ, “ਅਸੀਂ ਇਸ ਦੇ ਬਹੁਤ ਨੇੜੇ ਹਾਂ, ਅਤੇ ਤੁਸੀਂ ਨੇੜਲੇ ਭਵਿੱਖ ਵਿੱਚ ਭਾਰਤ ਅਤੇ ਅਮਰੀਕਾ ਵਿਚਕਾਰ ਸਮਝੌਤੇ ਦੀ ਉਮੀਦ ਕਰ ਸਕਦੇ ਹੋ।”