ਮਿਸੀਸਿਪੀ, 3 ਜਨਵਰੀ

ਨਵਾਂ ਸਾਲ ਚੜ੍ਹਨ ਤੋਂ ਕੁਝ ਦੇਰ ਪਹਿਲਾਂ ਅਮਰੀਕਾ ਦੇ ਮਿਸੀਸਿਪੀ ਸੂਬੇ ਵਿਚ ਇਕ ਪਾਰਟੀ ’ਚ ਚੱਲੀਆਂ ਗੋਲੀਆਂ ਨਾਲ ਤਿੰਨ ਜਣਿਆਂ ਦੀ ਮੌਤ ਹੋ ਗਈ ਤੇ ਚਾਰ ਹੋਰ ਫੱਟੜ ਹੋ ਗਏ। ਵੇਰਵਿਆਂ ਮੁਤਾਬਕ ਨਵਾਂ ਸਾਲ ਚੜ੍ਹਨ ਤੋਂ ਕੁਝ ਦੇਰ ਪਹਿਲਾਂ ਪਾਰਟੀ ਵਿਚ ਸ਼ਾਮਲ ਕੁਝ ਲੋਕਾਂ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।

ਗਲਫ਼ਪੋਰਟ ਪਾਰਟੀ ਵਿਚ ਵਾਪਰੀ ਇਸ ਘਟਨਾ ਦੇ ਮਾਮਲੇ ਵਿਚ ਹਾਲੇ ਤੱਕ ਕਿਸੇ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਹੈ। ਜਾਂਚਕਰਤਾ ਹਾਲੇ ਤੱਕ ਘਟਨਾ ਦੇ ਵੇਰਵੇ ਇਕੱਠੇ ਕਰ ਰਹੇ ਹਨ। ਪਾਰਟੀ ਵਿਚ ਕਰੀਬ 50 ਗੋਲੀਆਂ ਕਈ ਬੰਦੂਕਾਂ ਵਿਚੋਂ ਚੱਲੀਆਂ ਹਨ।

ਪੁਲੀਸ ਅਧਿਕਾਰੀ ਨੇ ਦੱਸਿਆ ਕਿ ਕਈ ਜ਼ਖ਼ਮੀ ਅਤੇ ਮੌਕੇ ਉਤੇ ਮੌਜੂਦ ਲੋਕ ਘਟਨਾ ਬਾਰੇ ਪੁਲੀਸ ਨੂੰ ਖੁੱਲ੍ਹ ਕੇ ਨਹੀਂ ਦੱਸ ਰਹੇ। ਪੁਲੀਸ ਨੇ ਕਿਹਾ ਕਿ ਕੁਝ ਲੋਕ ਖ਼ੁਦ ਨੂੰ ਮੁਖ਼ਬਰ ਵਜੋਂ ਪੇਸ਼ ਨਹੀਂ ਕਰਨਾ ਚਾਹੁੰਦੇ। ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਫੋਨਲਾਈਨ ਦਿੱਤੀ ਹੈ ਤੇ ਕੋਈ ਵੀ ਉੱਥੇ ਜਾਣਕਾਰੀ ਦੇ ਸਕਦਾ ਹੈ। ਜ਼ਖ਼ਮੀਆਂ ਵਿਚੋਂ ਇਕ ਦੀ ਹਾਲਤ ਗੰਭੀਰ ਹੈ। ਜਾਂਚਰਤਾਵਾਂ ਮੁਤਾਬਕ ਗੋਲੀਬਾਰੀ ਤੋਂ ਪਹਿਲਾਂ ਲੋਕਾਂ ਵਿਚਾਲੇ ਹੱਥੋਪਾਈ ਵੀ ਹੋਈ ਸੀ। ਪੁਲੀਸ ਅਧਿਕਾਰੀ ਨੇ ਕਿਹਾ ਕਿ ਪਾਰਟੀ ਵਿਚ ਬੰਦੂਕਾਂ, ਡਰੱਗ ਤੇ ਸ਼ਰਾਬ ਮੌਜੂਦ ਸਨ ਤੇ ਅਜਿਹੇ ਵਿਚ ਇਸ ਤਰ੍ਹਾਂ ਦੀ ਘਟਨਾ ਵਾਪਰਨ ਦੀ ਸੰਭਾਵਨਾ ਬਹੁਤ ਵਧ ਜਾਂਦੀ ਹੈ।